ਫਰਿਜ਼ਨੋ 'ਚ ਹੋਈ ਪੰਜਾਬੀ ਕਲਚਰਲ ਸੈਂਟਰ ਦੀ ਸ਼ੁਰੂਆਤ

04/23/2019 2:58:41 PM

ਫਰਿਜ਼ਨੋ,( ਨੀਟਾ ਮਾਛੀਕੇ)— ਕੈਲੀਫੋਰਨੀਆ ਦੀ ਸੰਘਣੀ ਪੰਜਾਬੀ ਅਬਾਦੀ ਵਾਲੇ ਸ਼ਹਿਰ ਫਰਿਜ਼ਨੋ 'ਚ 'ਪੰਜਾਬੀ ਕਲਚਰਲ ਸੈਂਟਰ' ਦੀ ਸੁਰੂਆਤ ਕੀਤੀ ਗਈ। ਸਮੁੱਚੇ ਪੰਜਾਬੀ ਭਾਈਚਾਰੇ ਲਈ ਸੱਭਿਆਚਾਰਕ ਅਤੇ ਧਾਰਮਿਕ ਸੇਵਾਵਾਂ ਦੇਣ ਵਾਲਾ ਇਹ ਨਾਰਥ ਅਮਰੀਕਾ ਦਾ ਪਹਿਲਾ ਸੈਂਟਰ ਹੋਵੇਗਾ। ਕੁੱਝ ਸਮਾਂ ਪਹਿਲਾਂ ਸ. ਹਰਜੋਤ ਸਿੰਘ ਖਾਲਸਾ ਅਤੇ ਬਲਵਿੰਦਰ ਕੌਰ ਖਾਲਸਾ ਦੇ ਯਤਨਾਂ ਸਦਕਾ ਇੱਥੇ 'ਪੰਜਾਬੀ ਰੇਡੀਓ ਯੂ. ਐੱਸ. ਏ. ਵਲੋਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
ਇਸ ਤੋਂ ਇਲਾਵਾ ਇੱਥੋਂ ਦੇ ਖੁੱਲ੍ਹੇ ਪਾਰਕ ਭਾਈਚਾਰੇ ਦੇ ਸਮਾਗਮਾਂ ਲਈ ਵਰਤੇ ਜਾ ਸਕਣਗੇ। ਇਸ ਸਮੇਂ ਰਸਮੀ ਸ਼ੁਰੂਆਤ ਕਰਦੇ ਹੋਏ ਵਿਸ਼ੇਸ਼ ਸਮਾਗਮ ਕੀਤੇ ਗਏ। ਜਿਸ ਦੀ ਸ਼ੁਰੂਆਤ ਮਿੱਠੇ ਬੋਲਾਂ ਰਾਹੀਂ ਰਾਣੀ ਕਾਹਲੋਂ ਨੇ ਗੀਤ ਗਾਉਣ ਨਾਲ ਕੀਤੀ। ਇਸ ਉਪਰੰਤ ਬੁਲੰਦ ਆਵਾਜ਼ ਦੀ ਮਲਿਕਾ ਗਾਇਕਾ ਜੋਤ ਰਣਜੀਤ ਨੇ ਮਿਆਰੀ ਗਾਇਕੀ ਰਾਹੀ ਸਭ ਦਾ ਮਨੋਰੰਜਨ ਕੀਤਾ। 

ਇਸੇ ਦੌਰਾਨ ਰੇਡੀਉ ਹੋਸਟ ਰਾਜਕਰਨਵੀਰ ਸਿੰਘ ਨੇ ਸਟੇਜ ਤੋਂ ਵੱਖ-ਵੱਖ ਬੁਲਾਰਿਆਂ ਨੂੰ ਪੇਸ਼ ਕੀਤਾ। ਜਿਨ੍ਹਾਂ ਵਿੱਚ ਦਲਜੀਤ ਸਿੰਘ ਸਰ੍ਹਾਂ, ਹਰਜੋਤ ਸਿੰਘ ਖਾਲਸਾ, ਨੈਣਦੀਪ ਚੰਨ, ਹਰਜਿੰਦਰ ਕੰਗ, ਡਾ. ਗੁਰੂਮੇਲ ਸਿੱਧੂ, ਜਗਤਾਰ ਸਿੰਘ ਗਿੱਲ, ਸਤਿਨਾਮ ਸਿੰਘ ਅਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਵਿਚਾਰਾਂ ਦੀ ਸਾਂਝ ਪਾਈ। ਦਿਲਪ੍ਰੀਤ ਕੌਰ ਵਲੋਂ ਡਾਂਸ ਅਤੇ ਜੀ. ਐੱਚ. ਜੀ. ਅਕੈਡਮੀ ਦੇ ਬੱਚਿਆਂ ਨੇ ਭੰਗੜੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਯਮਲੇ ਜੱਟ ਦੇ ਸ਼ਾਗਿਰਦ ਰਾਜ ਬਰਾੜ ਅਤੇ ਕਮਲਜੀਤ ਬੈਨੀਪਾਲ ਨੇ ਵੀ ਗੀਤਾਂ ਰਾਹੀਂ ਹਾਜ਼ਰੀ ਭਰੀ। ਇਸ ਸਮੇਂ ਫਰਿਜ਼ਨੋ ਸ਼ਹਿਰ ਦੇ ਸਿਟੀ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਪ੍ਰਬੰਧਕਾਂ ਵੱਲੋਂ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਆਪਸੀ ਵਿਚਾਰਾਂ ਦੀ ਸਾਂਝ, ਮਨੋਰੰਜਨ ਅਤੇ ਸੁਆਦਿਸ਼ਟ ਖਾਣੇ ਨਾਲ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।