ਫਰਾਂਸ ਦੇ ਵਿੱਤ ਮੰਤਰੀ ਨੇ ਟਰੰਪ ਨੂੰ ਦਿੱਤਾ ਕਰਾਰਾ ਜਵਾਬ

07/28/2019 11:11:00 AM

ਵਾਸ਼ਿੰਗਟਨ— ਫਰਾਂਸ ਨੇ ਕਿਹਾ ਕਿ ਉਹ ਗੂਗਲ ਅਤੇ ਫੇਸਬੁੱਕ ਵਰਗੀਆਂ ਤਕਨੀਕੀ ਕੰਪਨੀਆਂ 'ਤੇ ਡਿਜੀਟਲ ਟੈਕਸ ਲਗਾਉਣ ਦੀ ਆਪਣੀ ਯੋਜਨਾ 'ਚ ਅੱਗੇ ਵਧੇਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਰਾਹੀਂ ਫਰਾਂਸ ਨੂੰ ਧਮਕੀ ਦਿੱਤੀ ਸੀ। ਟਰੰਪ ਨੇ ਕਿਹਾ ਕਿ ਜੇਕਰ ਫਰਾਂਸ ਨੇ ਅਜਿਹਾ ਕੋਈ ਕਦਮ ਚੁੱਕਿਆ ਤਾਂ ਅਮਰੀਕਾ ਇਸ ਦੇ ਜਵਾਬ 'ਚ ਫਰਾਂਸ ਤੋਂ ਦਰਾਮਦ ਹੋਣ ਵਾਲੀ ਵਾਈਨ 'ਤੇ ਜਵਾਬੀ ਟੈਕਸ ਲਗਾਵੇਗਾ ਪਰ ਫਰਾਂਸ ਦੇ ਵਿੱਤ ਮੰਤਰੀ ਬੁਰਨੋ ਲੀ ਮਾਇਰ ਨੇ ਸ਼ਨੀਵਾਰ ਨੂੰ ਕਿਹਾ ਕਿ ਅੰਜਾਮ ਚਾਹੇ ਜੋ ਵੀ ਹੋਵੇ, ਫਰਾਂਸ ਆਪਣੀ ਯੋਜਨਾ 'ਚ ਅੱਗੇ ਵਧੇਗਾ।

ਫਰਾਂਸ ਦਾ ਤਿੰਨ ਫੀਸਦੀ ਇਹ ਟੈਕਸ ਇਸੇ ਹਫਤੇ ਲਾਗੂ ਹੋਇਆ ਹੈ। ਇਹ ਟੈਕਸ ਮੁੱਖ ਰੂਪ ਨਾਲ ਉਨ੍ਹਾਂ ਕੰਪਨੀਆਂ ਨੂੰ ਪ੍ਰਭਾਵਿਤ ਕਰਦਾ ਹੈ, ਜੋ ਆਨਲਾਈਨ ਵਿਗਿਆਪਨ ਲਈ ਆਪਣੇ ਗਾਹਕਾਂ ਦੇ ਡਾਟੇ ਦੀ ਵਰਤੋਂ ਕਰਦੇ ਹਨ। ਦਿੱਗਜ ਕੰਪਨੀਆਂ ਯੂਰਪ ਦੇ ਅਜਿਹੇ ਦੇਸ਼ਾਂ 'ਚ ਦਫਤਰ ਸਥਾਪਤ ਕਰ ਲੈਂਦੀਆਂ ਹਨ, ਜਿੱਥੇ ਟੈਕਸ ਦਰਾਂ ਬਹੁਤ ਘੱਟ ਹਨ। ਫਰਾਂਸ ਦਾ ਇਕ ਕਦਮ ਕੰਪਨੀਆਂ ਦੀ ਇਸ ਗਤੀਵਿਧੀ ਨੂੰ ਰੋਕਣਾ ਹੈ। 

ਵਰਤਮਾਨ 'ਚ ਗੂਗਲ, ਫੇਸਬੁੱਕ, ਐਪਲ, ਏਅਰ. ਬੀ. ਐੱਨ. ਬੀ. ਅਤੇ ਉਬੇਰ ਵਰਗੀਆਂ ਕੰਪਨੀਆਂ ਵੱਡੇ ਕਾਰੋਬਾਰ ਦੇ ਬਾਵਜੂਦ ਫਰਾਂਸ 'ਚ ਬਹੁਤ ਘੱਟ ਟੈਕਸ ਦਾ ਭੁਗਤਾਨ ਕਰ ਰਹੀਆਂ ਹਨ। 

ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫਰਾਂਸ ਦਾ ਇਹ ਕਦਮ ਅਮਰੀਕੀ ਕਾਰੋਬਾਰ ਖਿਲਾਫ ਭੇਦਭਾਵ ਵਾਲਾ ਹੈ ਪਰ ਮਾਇਰ ਨੇ ਕਿਹਾ ਕਿ ਡਿਜੀਟਲ ਗਤੀਵਿਧੀਆਂ 'ਤੇ ਦੁਨੀਆ ਭਰ 'ਚ ਸਮਾਨ ਟੈਕਸ ਇਕ ਵੱਡਾ ਮੁੱਦਾ ਹੈ ਅਤੇ ਸਾਰੇ ਦੇਸ਼ਾਂ ਲਈ ਇਹ ਚੁਣੌਤੀ ਦਾ ਵਿਸ਼ਾ ਬਣਿਆ ਹੋਇਆ ਹੈ।