ਕਸ਼ਮੀਰ ਮਾਮਲੇ 'ਚ ਸੰਜਮ ਵਰਤੇ ਪਾਕਿ : ਫ੍ਰਾਂਸੀਸੀ ਵਿਦੇਸ਼ ਮੰਤਰੀ

08/21/2019 1:42:01 PM

ਪੈਰਿਸ (ਬਿਊਰੋ)— ਫਰਾਂਸ ਦੇ ਯੂਰਪ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਜੀਨ-ਯਵੇਸ ਲੀ ਡ੍ਰੀਯਨ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਫੋਨ 'ਤੇ ਗੱਲਬਾਤ ਕੀਤੀ। ਮੰਗਲਵਾਰ ਨੂੰ ਹੋਈ ਇਸ ਗੱਲਬਾਤ ਵਿਚ ਕੁਰੈਸ਼ੀ ਨੇ ਉਨ੍ਹਾਂ ਅੱਗੇ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਿਆ। ਜੀਨ ਨੇ ਫਰਾਂਸ ਦੀ ਕਸ਼ਮੀਰ 'ਤੇ ਰਾਏ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਵਿਵਾਦ ਨੂੰ ਹੱਲ ਕਰਨਾ ਦੋਹਾਂ ਦੇਸ਼ਾਂ ਦੇ ਉੱਪਰ ਹੈ। ਉਨ੍ਹਾਂ ਨੇ ਕੁਰੈਸ਼ੀ ਨੂੰ ਕਸ਼ਮੀਰ ਮਾਮਲੇ ਵਿਚ ਸੰਜਮ ਵਰਤਣ ਅਤੇ ਤਣਾਅ ਘੱਟ ਕਰਨ ਦੀ ਅਪੀਲ ਕੀਤੀ। 

ਫਰਾਂਸ ਦੇ ਬੁਲਾਰੇ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਸ ਨੂੰ ਤਣਾਅ ਵਧਾਉਣ ਵਾਲੇ ਕਿਸੇ ਵੀ ਕਦਮ ਨੂੰ ਚੁੱਕਣ ਤੋਂ ਬਚਣ ਦੀ ਲੋੜ ਹੈ। ਬੁਲਾਰੇ ਨੇ ਵਿਦੇਸ਼ ਮਾਮਲਿਆਂ ਦੇ ਮੰਤਰੀ ਜੀਨ ਦੀ ਕੁਰੈਸ਼ੀ ਨਾਲ ਗੱਲਬਾਤ ਦੇ ਬਾਅਦ ਇਹ ਗੱਲ ਕਹੀ। ਫ੍ਰਾਂਸੀਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਬਿਆਨ ਵਿਚ ਕਿਹਾ,''ਦੋਹਾਂ ਮੰਤਰੀਆਂ ਨੇ ਜੰਮੂ-ਕਸ਼ਮੀਰ ਦੀ ਸਥਿਤੀ ਦੇ ਬਾਰੇ ਵਿਚ ਚਰਚਾ ਕੀਤੀ। ਜੀਨ ਨੇ ਕਸ਼ਮੀਰ ਦੇ ਮੁੱਦੇ 'ਤੇ ਫਰਾਂਸ ਦੀ ਲਗਾਤਾਰ ਚੱਲੀ ਆ ਰਹੀ ਸਥਿਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਦਾ ਹੱਲ ਭਾਰਤ ਅਤੇ ਪਾਕਿਸਤਾਨ 'ਤੇ ਨਿਰਭਰ ਹੈ। ਇਸ ਦਾ ਹੱਲ ਉਨ੍ਹਾਂ ਦੀ ਦੋ-ਪੱਖੀ ਰਾਜਨੀਤਕ ਵਾਰਤਾ ਦੇ ਢਾਂਚੇ ਦੇ ਤਹਿਤ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਵਿਵਾਦ ਨੂੰ ਹੱਲ ਕਰ ਕੇ ਸਥਾਈ ਸ਼ਾਂਤੀ ਸਥਾਪਿਤ ਕੀਤੀ ਜਾ ਸਕੇ।''

ਫਰਾਂਸ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕਸ਼ਮੀਰ ਦੇ ਮਾਮਲੇ ਵਿਚ ਵਿਚੌਲਗੀ ਕਰਨ ਦੀ ਪੇਸ਼ਕਸ਼ ਕੀਤੀ ਹੈ।

Vandana

This news is Content Editor Vandana