ਫਰਾਂਸ, ਬ੍ਰਿਟੇਨ ''ਚ ਐਪ ਜ਼ਰੀਏ ਰੱਖੀ ਜਾਵੇਗੀ ਕੋਰੋਨਾ ਇਨਫੈਕਸ਼ਨ ''ਤੇ ਨਜ਼ਰ

05/04/2020 11:44:27 AM

ਪੈਰਿਸ (ਵਾਰਤਾ): ਭਾਰਤ ਦੀ ਤਰ੍ਹਾਂ ਫਰਾਂਸ ਅਤੇ ਬ੍ਰਿਟੇਨ ਵੀ ਕੋਰੋਨਵਾਇਰਸ ਦੇ ਇਨਫੈਕਸ਼ਨ 'ਤੇ ਨਜ਼ਰ ਰੱਖਣ ਲਈ ਐਪ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਨ। ਭਾਰਤ ਵਿਚ ਵੱਡੇ ਪੱਧਰ 'ਤੇ ਲੋਕ ਆਰੋਗਯ ਸੇਤੂ ਐਪ ਦੀ ਵਰਤੋਂ ਕਰ ਰਹੇ ਹਨ। ਫਰਾਂਸ ਦੇ ਸੂਚਨਾ ਤਕਨਾਲੋਜੀ ਮੰਤਰੀ ਸੇਡਰਿਕ ਓ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਵਿਚ ਜਦੋਂ 11 ਮਈ ਤੋਂ ਲਾਕਡਾਊਨ ਦੇ ਨਿਯਮਾਂ ਵਿਚ ਕੁਝ ਛੋਟ ਦਿੱਤੀ ਜਾਵੇਗਾ ਉਸੇ ਹਫਤੇ ਕੋਵਿਡ-19 ਦੇ ਇਨਫੈਕਸ਼ਨ 'ਤੇ ਨਜ਼ਰ ਰੱਖਣ ਦੇ ਲਈ 'ਸਟੌਪ ਕੋਵਿਡ' ਐਪ ਨੂੰ ਪਰੀਖਣ ਦੇ ਤੌਰ 'ਤੇ ਸ਼ੁਰੂ ਕੀਤਾ ਜਾਵੇਗਾ। 

ਸੇਡਰਿਕ ਓ ਨੇ ਫਰਾਂਸ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੇ ਲਈ 'ਸਟੌਪ ਕੋਵਿਡ' ਐਪ ਨੂੰ ਸਰਕਾਰ ਦੀ ਰਣਨੀਤੀ ਦਾ ਇਕ ਪ੍ਰਮੁੱਖ ਹਿੱਸਾ ਕਰਾਰ ਦਿੱਤਾ ਹੈ। ਫਰਾਂਸ ਵਿਚ ਸਰਕਾਰ ਨੇ ਕੋਰੋਨਾ ਜਾਂਚ ਵਿਚ ਤੇਜ਼ੀ ਲਿਆਉਣ ਲਈ 11 ਮਈ ਤੋਂ ਪ੍ਰਤੀ ਹਫਤੇ ਦੇਸ ਵਿਚ ਘੱਟੋ-ਘੱਟ 7 ਲੱਖ ਕੋਰੋਨਾ ਮਾਮਲਿਆਂ ਦੀ ਜਾਂਚ ਦਾ ਟੀਚਾ ਰੱਖਿਆ ਹੈ ਜਿਸ ਦਾ ਖਰਚ ਸਰਕਾਰ ਦੇਵੇਗੀ। ਉਹਨਾਂ ਨੇ ਕਿਹਾ,''ਇਸ ਐਪ ਵਿਚ ਕੋਈ ਹੈਰਾਨੀਜਨਕ ਗੱਲ ਨਹੀਂ ਹੈ। ਇਹ ਕਿਸੇ ਤਰ੍ਹਾਂ ਦਾ ਤਕਨੀਕੀ ਸਹਿਯੋਗ ਨਹੀਂ ਹੈ ਸਗੋਂ ਇਹ ਗਲੋਬਲ ਸਿਹਤ ਪ੍ਰਣਾਲੀ ਦਾ ਇਕ ਹਿੱਸਾ ਹੈ।'' 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਸੰਕਟ ਦੌਰਾਨ 'ਦਾਨ ਮੁਹਿੰਮ' ਦੇ ਤਹਿਤ ਰੋਸ਼ਨ ਹੋਵੇਗਾ ਬੁਰਜ ਖਲੀਫਾ

ਦੂਜੇ ਪਾਸੇ ਬ੍ਰਿਟੇਨ ਨੇ ਵੀ ਕੋਵਿਡ-19 'ਤੇ ਨਜ਼ਰ ਰੱਖ ਲਈ ਅਗਲੇ ਹਫਤੇ ਇਕ ਐਪ ਲਿਆਉਣ ਦੀ ਯੋਜਨਾ ਬਣਾਈ ਹੈ। ਬ੍ਰਿਟੇਨ ਦੇ ਕੈਬਨਿਟ ਮੰਤਰੀ ਮਾਈਕਲ ਗੋਵ ਨੇ ਇਹ ਜਾਣਕਾਰੀ ਦਿੱਤੀ। ਗੋਵ ਨੇ ਐਤਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਇਸ ਹਫਤੇ ਅਸੀਂ ਵਿਟ ਟਾਪੂ 'ਤੇ ਇਕ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਐਪ ਦੀ ਸ਼ੁਰੂਆਤ ਕਰਾਂਗੇ। ਬ੍ਰਿਟੇਨ ਵਿਚ ਵੀ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ।'' ਗੌਰਤਲਬ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ 11 ਮਾਰਚ ਨੂੰ ਮਹਾਮਾਰੀ ਐਲਾਨਿਆ ਸੀ। ਅਮਰੀਕਾ ਦੀ ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (Csse) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੁਨੀਆ ਭਰ ਵਿਚ ਕੋਰੋਨਾ ਦੇ 35 ਲੱਖ ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ ਅਤੇ 2.47 ਲੱਖ ਤੋਂ ਵੱਧ ਲੋਕਾਂ ਦੀ ਇਸ ਇਨਫੈਕਸ਼ਨ ਕਾਰਨ ਮੌਤ ਹੋ ਚੁੱਕੀ ਹੈ।

Vandana

This news is Content Editor Vandana