ਮੈਲਬੋਰਨ ''ਚ ਵਾਪਰੇ ਦਿਲ ਕੰਬਾਊ ਹਾਦਸੇ ''ਚ ਚਾਰ ਪੁਲਸ ਮੁਲਾਜ਼ਮਾਂ ਦੀ ਮੌਤ

04/23/2020 11:52:14 AM

ਮੈਲਬੋਰਨ, ( ਮਨਦੀਪ ਸਿੰਘ ਸੈਣੀ)- ਬੀਤੇ ਬੁੱਧਵਾਰ ਮੈਲਬੋਰਨ ਦੇ ਕੀਊ ਇਲਾਕੇ ਦੇ ਨਜ਼ਦੀਕ ਈਸਟਰਨ ਫਰੀਵੇਅ ਤੇ ਇੱਕ ਭਿਆਨਕ ਹਾਦਸੇ ਦੌਰਾਨ ਵਿਕਟੋਰੀਆ ਪੁਲਸ ਦੇ ਚਾਰ ਕਰਮੀਆਂ ਦੀ ਮੌਤ ਹੋ ਗਈ।ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਸੰਬੰਧਿਤ ਪੁਲਸ ਕਰਮੀ ਐਮਰਜੈਂਸੀ ਲੇਨ ਵਿੱਚ ਇੱਕ ਕਾਰ ਦੀ ਜਾਂਚ ਕਰ ਰਹੇ ਸਨ ਤੇ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਪੁਲਸ ਕਰਮੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

 ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸ਼ਾਮ ਨੂੰ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਜਾ ਰਹੀ ਇੱਕ ਕਾਰ ਨੂੰ ਪੁਲਸ ਵੱਲੋਂ ਪੁੱਛ-ਗਿੱਛ ਲਈ ਰੋਕਿਆ ਗਿਆ। ਇਸ ਦੌਰਾਨ ਇਹ ਕਾਰ ਚਾਲਕ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ। ਅਜੇ ਪੁਲਸ ਹੋਰ ਪੁੱਛ ਪੜਤਾਲ ਕਰ ਰਹੀ ਸੀ ਕਿ ਅਚਾਨਕ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਸੜਕ ਦੇ ਇੱਕ ਪਾਸੇ ਖੜ੍ਹ ਕੇ ਜਾਂਚ ਕਰ ਰਹੇ ਪੁਲਸ ਕਰਮੀਆਂ ਨੂੰ ਅਤੇ ਪੁਲਸ ਕਾਰਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ।

ਪੁਲਸ ਵੱਲੋਂ ਪੁੱਛ ਗਿੱਛ ਲਈ ਰੋਕਿਆ ਗਿਆ 41 ਸਾਲਾ ਕਾਰ ਚਾਲਕ ਰਿਚਰਡ ਪੂਸੇ ਮੌਕਾ ਮਿਲਦਿਆਂ ਫਰਾਰ ਹੋ ਗਿਆ ਪਰ ਪੁਲਸ ਵੱਲੋਂ ਇਸ ਵਿਅਕਤੀ ਨੂੰ ਵੀਰਵਾਰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਵਿਅਕਤੀ ਤੇ ਚੋਰੀ ਅਤੇ ਹੋਰ ਅਪਰਾਧਕ ਮਾਮਲੇ ਦਰਜ ਹਨ ।ਮ੍ਰਿਤਕ ਪੁਲਸ ਕਰਮੀਆਂ ਵਿੱਚ ਤਿੰਨ ਮਰਦ ਅਤੇ ਇੱਕ ਔਰਤ ਸ਼ਾਮਲ ਹਨ।

ਪੁਲਸ ਵੱਲੋਂ ਇਸ ਹਾਦਸੇ ਵਿੱਚ ਸ਼ਾਮਲ ਪੰਜਾਬੀ ਟਰੱਕ ਡਰਾਈਵਰ ਮਹਿੰਦਰ ਸਿੰਘ ਬਾਜਵਾ ਦੀ ਪਛਾਣ ਕਰ ਲਈ ਗਈ ਹੈ।ਮੈਲਬੋਰਨ ਦੇ ਕਰੇਨਬਰਨ ਇਲਾਕੇ ਵਿੱਚ ਰਹਿ ਰਹੇ ਇਸ 30 ਸਾਲਾ ਟਰੱਕ ਡਰਾਈਵਰ ਨੂੰ ਮੁੱਢਲੀ ਜਾਂਚ ਲਈ ਹਸਪਤਾਲ ਭੇਜਿਆ ਗਿਆ ਹੈ।ਵਿਕਟੋਰੀਆ ਪੁਲਸ ਵੱਲੋਂ ਸਾਰੇ ਮਾਮਲੇ ਦੀ ਤਫਤੀਸ਼ ਜਾਰੀ ਹੈ।ਇਸ ਘਟਨਾ ਤੇ ਆਸਟ੍ਰੇਲ਼ੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ,ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਡੈਨੀਅਲ ਐਂਡਰੀਓਜ਼, ਸਿਆਸੀ ਆਗੂਆਂ ਅਤੇ ਵਿਕਟੋਰੀਆ ਪੁਲਸ ਮਹਿਕਮੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Lalita Mam

This news is Content Editor Lalita Mam