ਫਰਿਜ਼ਨੋ "ਚ ਤਿੰਨ ਵਾਹਨਾਂ ਵਿਚਕਾਰ ਹੋਈ ਜ਼ਬਰਦਸਤ ਟੱਕਰ, ਚਾਰ ਵਿਅਕਤੀਆਂ ਦੀ ਮੌਤ

12/29/2020 10:11:34 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਵਿਚ ਹੁੰਦੇ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸੜਕ ਦੁਰਘਟਨਾ ਦੇ ਇਕ ਤਾਜ਼ਾ ਮਾਮਲੇ ਵਿਚ ਸ਼ਨੀਵਾਰ ਦੇਰ ਰਾਤ ਉੱਤਰ ਪੱਛਮੀ ਫਰਿਜ਼ਨੋ ਵਿਚ ਤਿੰਨ ਵਾਹਨਾਂ ਦਰਮਿਆਨ ਹੋਈ ਟੱਕਰ ਵਿੱਚ ਚਾਰ ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਘਟਨਾ ਵਾਪਰੀ ਹੈ।

ਪੁਲਸ ਅਧਿਕਾਰੀਆਂ ਅਨੁਸਾਰ ਤਿੰਨ ਕਾਰਾਂ ਦੀ ਟੱਕਰ ਦਾ ਇਹ ਹਾਦਸਾ ਪਾਮ ਤੇ ਬੁਲਾਰਡ ਖੇਤਰ 'ਚ ਵਾਪਰਿਆ ਅਤੇ ਪੁਲਸ ਨੇ ਇਸ ਦੀ ਸੂਚਨਾ ਮਿਲਣ ਤੇ ਘਟਨਾ ਸਥਾਨ 'ਤੇ ਪਹੁੰਚ ਕੇ ਹਾਦਸੇ ਦਾ ਜਾਇਜ਼ਾ ਲਿਆ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਵਾਹਨ ਇਕ ਮਲਵੇ ਦੇ ਢੇਰ ਵਿਚ ਬਦਲ ਗਏ ਸਨ। 
ਪੁਲਸ ਹਾਦਸੇ ਸੰਬੰਧੀ ਸਹੀ ਵੇਰਵਿਆਂ ਅਤੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਪਰ ਅਧਿਕਾਰੀਆਂ ਅਨੁਸਾਰ ਇੱਕ ਕਾਲੀ ਫੋਰਡ ਮਸਟੈਂਗ ਦਾ ਡਰਾਈਵਰ ਬੁਲਾਰਡ ਦੇ ਪੱਛਮ ਵੱਲ ਜਾ ਰਿਹਾ ਸੀ ਅਤੇ ਪਾਮ 'ਚ ਲਾਲ ਬੱਤੀ ਤੋਂ ਗੱਡੀ ਭਜਾਉਣ ਦੀ ਕੋਸ਼ਿਸ਼ ਵਿਚ ਉਸ ਨੇ ਦੋ ਹੋਰ ਗੱਡੀਆਂ ਚਿੱਟੀ ਟੋਯੋਟਾ ਟੈਕੋਮਾ ਪਿਕਅਪ ਅਤੇ ਇਕ ਸਿਲਵਰ ਮਿੰਨੀ ਕੂਪਰ ਨੂੰ ਟੱਕਰ ਮਾਰ ਦਿੱਤੀ। 

ਫਰਿਜ਼ਨੋ ਪੁਲਸ ਦੇ ਲੈਫਟੀਨੈਂਟ ਜੋਰਡਨ ਬੇਕਫੋਰਡ ਨੇ ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਿੱਟੀ ਪਿਕਅਪ ਦੇ ਅੰਦਰ ਮੌਜੂਦ ਪੰਜ ਲੋਕਾਂ ਵਿਚੋਂ ਦੋ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਤੀਜੇ ਵਿਅਕਤੀ ਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ ਪਰ ਬਾਅਦ ਵਿਚ ਉਸ ਦੀ ਵੀ ਮੌਤ ਹੋ ਗਈ। ਇਸ ਦੇ ਇਲਾਵਾ ਮਸਟੈਂਗ ਅੰਦਰ ਫਸੇ ਹੋਏ ਡਰਾਈਵਰ ਨੂੰ ਫਰਿਜ਼ਨੋ ਫਾਇਰ ਡਿਪਾਰਟਮੈਂਟ ਦੁਆਰਾ ਬਾਹਰ  ਕੱਢ ਕੇ ਉਸ ਨੂੰ ਸੀ. ਆਰ. ਐੱਮ. ਸੀ. ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ। ਇਨ੍ਹਾਂ ਮਾਰੇ ਗਏ ਵਿਅਕਤੀਆਂ ਦੀ ਪਛਾਣ ਅਜੇ ਨਹੀਂ ਕੀਤੀ ਗਈ ਹੈ।

ਇਸ ਹਾਦਸੇ ਦੀ ਸ਼ਿਕਾਰ ਤੀਜੀ ਕਾਰ ਮਿੰਨੀ ਕੂਪਰ ਦੀ ਡਰਾਈਵਰ 17 ਸਾਲਾਂ ਦੀ ਇਕ ਲੜਕੀ ਅਤੇ ਹੋਰ ਪੀੜਤਾਂ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ। ਇਸ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਸੋਗ ਪ੍ਰਗਟ ਕਰਨ ਲਈ 30 ਦੇ ਕਰੀਬ ਲੋਕਾਂ ਦੇ ਸਮੂਹ ਨੇ ਚੌਂਕ ਨੇੜੇ ਮੋਮਬੱਤੀਆਂ ਆਦਿ ਜਗਾ ਕੇ ਸਰਧਾਂਜਲੀ ਭੇਂਟ ਕੀਤੀ।
 

Lalita Mam

This news is Content Editor Lalita Mam