ਆਸਟ੍ਰੇਲੀਆ 'ਚ ਵੱਖ-ਵੱਖ ਸੜਕ ਹਾਦਸਿਆਂ 'ਚ 4 ਲੋਕਾਂ ਦੀ ਮੌਤ

02/23/2018 10:39:26 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿਚ ਦੱਖਣੀ ਤੱਟ 'ਤੇ ਨੋਵਰਾ ਨੇੜੇ ਪ੍ਰਿੰਸੈੱਸ ਹਾਈਵੇ 'ਤੇ ਤਿੰਨ ਵੱਖ-ਵੱਖ ਸੜਕ ਹਾਦਸਿਆਂ ਵਿਚ 4 ਲੋਕਾਂ ਦੀ ਮੌਤ ਹੋ ਗਈ। ਸ਼ੁੱਕਰਵਾਰ ਸਵੇਰੇ ਜਰਾਂਵੰਗਲਾ 'ਤੇ ਹੋਏ ਹਾਦਸੇ ਵਿਚ ਦੋ ਡਰਾਈਵਰਾਂ, ਇਕ ਆਦਮੀ ਅਤੇ ਔਰਤ ਦੀ ਸਿਰ 'ਤੇ ਸੱਟ ਲੱਗਣ ਕਾਰਨ ਮੌਤ ਹੋ ਗਈ। ਇਸ ਹਾਦਸੇ ਕਾਰਨ ਸੜਕ 'ਤੇ ਆਵਾਜਾਈ ਕਾਫ ਸਮੇਂ ਤੱਕ ਠੱਪ ਰਹੀ।

ਇਕ ਹੋਰ ਹਾਦਸੇ ਵਿਚ ਉੱਤਰ ਵਿਚ ਪੋਰਟ ਮੈਕਕਵੇਰੀ ਨੇੜੇ ਪੈਸੀਫਿਕ ਹਾਈਵੇ 'ਤੇ ਟਰੱਕ ਪਲਟ ਗਿਆ, ਜਿਸ ਵਿਚ ਟਰੱਕ ਡਰਾਈਵਰ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਨੇ ਡਰਾਈਵਰ ਦੀ ਬੌਡੀ ਨੂੰ ਟਰੱਕ ਦੇ ਮਲਬੇ ਵਿਚੋਂ ਕੱਢਿਆ। ਇਸ ਤੋਂ ਪਹਿਲਾਂ ਸਵੇਰੇ 12:15 ਵਜੇ ਰਿਵਰੀਨਾ ਵਿਚ ਕੁਟਮੁੰਦਰਾ ਨੇੜੇ ਇਕ ਕਾਰ ਰੁੱਖ ਨਾਲ ਟਕਰਾ ਗਈ ਅਤੇ ਉਸ ਵਿਚ ਅੱਗ ਲੱਗ ਗਈ।

ਅੱਗ ਲੱਗਣ ਕਾਰਨ ਕਾਰ ਵਿਚ ਸਵਾਰ 18 ਸਾਲਾ ਮੁੰਡੇ ਦੀ ਮੌਤ ਹੋ ਗਈ। ਇਸ ਦੌਰਾਨ ਆਰਮੀਡੇਲ ਦੇ ਦੱਖਣ ਵਿਚ ਸਵੇਰੇ 6:40 'ਤੇ ਇਕ ਈਂਧਣ ਟੈਂਕਰ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਨਿਊ ਇੰਗਲੈਂਡ ਹਾਈਵੇ 'ਤੇ ਆਵਾਜਾਈ ਕਾਫੀ ਸਮੇਂ ਤੱਕ ਠੱਪ ਰਹੀ। ਚੰਗੀ ਕਿਸਮਤ ਨਾਲ ਹਾਦਸੇ ਵਿਚ ਡਰਾਈਵਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।