ਕਾਰ ਚੋਰਾਂ ਨੇ ਪੁਲਸ ਤੋਂ ਬਚਣ ਲਈ ਠੋਕੀਆਂ 10 ਕਾਰਾਂ, 4 ਪੁਲਸ ਅਧਿਕਾਰੀ ਹੋਏ ਜ਼ਖ਼ਮੀ

11/21/2020 2:44:29 PM

ਬ੍ਰਿਸਬੇਨ- ਆਸਟ੍ਰੇਲੀਆ ਦੇ ਬ੍ਰਿਸਬੇਨ ਵਿਚ ਕਾਰ ਚੋਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿਚ 10 ਗੱਡੀਆਂ ਨੂੰ ਨੁਕਸਾਨ ਪੁੱਜਾ ਤੇ ਇਸ ਦੌਰਾਨ 4 ਪੁਲਸ ਕਰਮਚਾਰੀ ਵੀ ਜ਼ਖ਼ਮੀ ਹੋ ਗਏ। ਪੁਲਸ ਨੇ ਇਕ ਬਾਲਗ ਤੇ 5 ਨਾਬਾਲਗਾਂ ਨੂੰ ਹਿਰਾਸਤ ਵਿਚ ਲਿਆ ਹੈ। 

ਪਹਿਲੀ ਘਟਨਾ ਪੂਰਬੀ ਬ੍ਰਿਸਬੇਨ ਵਿਚ ਸ਼ਾਮ 5.20 ਵਜੇ ਵਾਪਰੀ, ਜਦ ਇਕ 20 ਸਾਲਾ ਚੋਰ ਚੋਰੀ ਦੀ ਟੋਇਟਾ ਕੈਮਰੀ ਗੱਡੀ ਵਿਚ ਜਾ ਰਿਹਾ ਸੀ। ਹਾਈਵੇਅ ਪੈਟਰੋਲ ਅਫਸਰ ਨੂੰ ਉਸ 'ਤੇ ਸ਼ੱਕ ਪਿਆ। ਪੁਲਸ ਅਧਿਕਾਰੀ ਦੀ ਵਰਦੀ 'ਤੇ ਲੱਗੇ ਕੈਮਰੇ ਵਿਚ ਇਹ ਘਟਨਾ ਕੈਦ ਹੋ ਗਈ। ਲਾਈਟ ਹੋਣ ਕਾਰਨ ਕਈ ਗੱਡੀਆਂ ਸੜਕ 'ਤੇ ਖੜ੍ਹੀਆਂ ਸਨ ਤੇ ਚੋਰ ਨੇ ਭੱਜਣ ਦੀ ਕੋਸ਼ਿਸ਼ ਵਿਚ 3 ਗੱਡੀਆਂ ਵਿਚ ਵੱਜ ਕੇ ਇਨ੍ਹਾਂ ਨੂੰ ਨੁਕਸਾਨ ਪਹੁੰਚਾ ਦਿੱਤਾ।

ਪੁਲਸ ਨੇ ਦੱਸਿਆ ਕਿ ਕਾਰ ਚੋਰ ਰਸਤੇ ਵਿਚ ਦੋ ਹੋਰ ਗੱਡੀਆਂ ਨੂੰ ਨੁਕਸਾਨ ਪਹੁੰਚਾ ਕੇ ਆਇਆ ਸੀ। ਇਸ ਦੇ ਇਲਾਵਾ ਉਹ ਇਕ ਟਰੱਕ ਨਾਲ ਵੀ ਟਕਰਾਇਆ। ਪੁਲਸ ਤੋਂ ਬਚਣ ਲਈ ਉਹ ਬਹੁਤ ਤੇਜ਼ ਗੱਡੀ ਚਲਾ ਰਿਹਾ ਸੀ ਤੇ ਜਦ ਕਾਰ ਬੁਰੀ ਤਰ੍ਹਾਂ ਟੁੱਟ ਗਈ ਤਾਂ ਉਹ ਗੱਡੀ ਛੱਡ ਕੇ ਪੈਦਲ ਹੀ ਭੱਜ ਗਿਆ। ਇਸ ਦੇ ਬਾਅਦ ਪੁਲਸ ਨੇ ਭਾਲ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਉਸ ਨੂੰ ਚੋਰੀ ਦੀ ਗੱਡੀ ਲੈ ਕੇ ਭੱਜਣ ਤੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਹਿਰਾਸਤ ਵਿਚ ਲੈ ਲਿਆ। ਉਸ 'ਤੇ ਦੋ ਵਾਹਨਾਂ ਨੂੰ ਚੋਰੀ ਕਰਨ ਦਾ ਵੀ ਦੇਸ਼ ਹੈ। ਅੱਜ ਸਵੇਰੇ ਉਸ ਨੇ ਬ੍ਰਿਸਬੇਨ ਮੈਜੀਸਟਰੇਟ ਅੱਗੇ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ ਪਰ ਅਦਾਲਤ ਨੇ ਇਸ ਨੂੰ ਠੁਕਰਾ ਦਿੱਤਾ ਹੈ। 

ਇਸ ਦੇ ਇਲਾਵਾ ਸ਼ੀਅਰਵੁੱਡ ਰੋਡ 'ਤੇ ਵੀ ਚੋਰੀ ਦੀ ਇਕ ਘਟਨਾ ਵਾਪਰੀ। 2 ਕੁੜੀਆਂ ਤੇ 3 ਮੁੰਡੇ ਇਕ ਚੋਰੀ ਦੀ ਕਾਰ ਵਿਚ ਜਾ ਰਹੇ ਸਨ ਤੇ ਕਿਸੇ ਨੇ ਸ਼ਿਕਾਇਤ ਕੀਤੀ ਕਿ ਉਹ ਸ਼ਰਾਬ ਚੋਰੀ ਕਰਕੇ ਭੱਜ ਰਹੇ ਸਨ। ਇਹ ਸਾਰੇ 12 ਤੋਂ 14 ਕੁ ਸਾਲ ਦੇ ਦੱਸੇ ਜਾ ਰਹੇ ਹਨ। ਪੁਲਸ ਨੇ ਜਦ ਇਨ੍ਹਾਂ ਦਾ ਪਿੱਛਾ ਕੀਤਾ ਤਾਂ ਇਹ ਤੇਜ਼ੀ ਨਾਲ ਭੱਜ ਗਏ। ਪੁਲਸ ਨੇ ਗੱਡੀ ਦੇ ਟਾਇਰ ਵਿਚ ਗੋਲੀ ਮਾਰ ਕੇ ਉਨ੍ਹਾਂਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਗੱਡੀ ਨੂੰ ਭਜਾਉਂਦੇ ਹੀ ਰਹੇ। ਉਨ੍ਹਾਂ ਨੇ ਪੁਲਸ ਦੇ ਇਕ ਵਾਹਨ 'ਤੇ ਗੱਡੀ ਚੜ੍ਹਾ ਦਿੱਤੀ ਜਿਸ ਕਾਰਨ ਇਸ ਵਿਚ ਬੈਠੇ 4 ਪੁਲਸ ਅਧਿਕਾਰੀ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਪੁਲਸ ਦੇ ਤਿੰਨ ਹੋਰ ਵਾਹਨ ਨੁਕਸਾਨੇ ਗਏ। ਅਖੀਰ ਪੁਲਸ ਨੇ ਇਨ੍ਹਾਂ 5 ਨਾਬਾਲਗਾਂ ਨੂੰ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਨੂੰ ਬੱਚਿਆਂ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। 
 


Lalita Mam

Content Editor

Related News