ਕੁਈਨਜ਼ਲੈਂਡ ''ਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 4 ਲੋਕ ਹੋਏ ਜ਼ਖਮੀ

08/13/2017 11:44:19 AM

ਕੁਈਨਜ਼ਲੈਂਡ—  ਆਸਟ੍ਰੇੇਲੀਆ ਦੇ ਕੁਈਨਜ਼ਲੈਂਡ 'ਚ ਸ਼ਨੀਵਾਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਹਾਦਸਾ ਕੁਈਨਜ਼ਲੈਂਡ ਦੇ ਸਨਸ਼ਾਈਨ ਕੋਸਟ 'ਤੇ ਕੈਲੰਡਰਾ ਹਵਾਈ ਅੱਡੇ 'ਤੇ ਵਾਪਰਿਆ। ਐਮਰਜੈਂਸੀ ਸਰਵਿਸ ਅਧਿਕਾਰੀਆਂ ਨੂੰ ਕੈਲੰਡਰਾ ਹਵਾਈ ਅੱਡੇ ਤੋਂ ਸਵੇਰੇ 11.50 'ਤੇ ਹਾਦਸੇ ਦੀ ਸੂਚਨਾ ਮਿਲੀ। ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਦੱਸਿਆ ਕਿ 4 ਲੋਕ ਜ਼ਖਮੀ ਹੋਏ, ਜਿਨ੍ਹਾਂ 'ਚੋਂ 2 ਯਾਤਰੀਆਂ ਨੂੰ ਮਾਮੂਲੀ ਸੱਟਾਂ ਆਈਆਂ। 
ਬਚਾਅ ਦਲ ਨੇ ਪਾਇਲਟ ਅਤੇ ਇਕ ਯਾਤਰੀ ਨੂੰ ਜਹਾਜ਼ ਦੇ ਮਲਬੇ ਹੇਠੋਂ ਕੱਢਿਆ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਚਾਰੋਂ ਯਾਤਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਪਾਇਲਟ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਕੈਲੰਡਰਾ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਅਤੇ ਪੁਲਸ ਵਲੋਂ ਹਾਦਸੇ ਦਾ ਕਾਰਨ ਪਤਾ ਲਾਉਣ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਪਾਇਲਟ ਦੀਆਂ ਲੱਤਾਂ, ਛਾਤੀ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਇਲਾਜ ਲਈ ਏਅਰ ਐਂਬੂਲੈਂਸ ਜ਼ਰੀਏ ਰਾਇਲ ਬ੍ਰਿਸਬੇਨ 'ਚ ਦਾਖਲ ਕਰਵਾਇਆ ਗਿਆ। ਗੰਭੀਰ ਜ਼ਖਮੀ ਇਕ ਯਾਤਰੀ 'ਤੇ ਵੀ ਲੱਤ 'ਤੇ ਸੱਟਾਂ ਲੱਗੀਆਂ ਅਤੇ ਉਸ ਨੂੰ ਬਾਕੀ ਦੇ ਦੋ ਹੋਰ ਯਾਤਰੀਆਂ ਨਾਲ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਵਿਚ ਦਾਖਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।