ਯੂ. ਕੇ. : ਬ੍ਰਿਸਟਲ ਵਾਟਰ ਪਲਾਂਟ ਧਮਾਕੇ ਦੇ ਚਾਰ ਮ੍ਰਿਤਕਾਂ ਦੇ ਨਾਮ ਜਨਤਕ

12/05/2020 4:37:26 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਸਟਲ ਨੇੜੇ ਵੀਰਵਾਰ ਸਵੇਰ ਇਕ ਗੰਦੇ ਪਾਣੀ ਦੇ ਪਲਾਂਟ ਵਿਚ ਅਚਾਨਕ ਹੋਏ ਜ਼ਬਰਦਸਤ ਧਮਾਕੇ ਨੇ ਚਾਰ ਲੋਕਾਂ ਦੀ ਜਾਨ ਲੈ ਲਈ ਸੀ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਚਾਰੇ ਮ੍ਰਿਤਕਾਂ ਦੇ ਦੇ ਨਾਮ ਅਧਿਕਾਰੀਆਂ ਦੁਆਰਾ ਜਨਤਕ ਕੀਤੇ ਗਏ ਹਨ ਜੋ ਕਿ ਮਾਈਕਲ ਜੇਮਜ਼ (64), ਬ੍ਰਾਇਨ ਵਿਕਰੀ (63), ਰੇਮੰਡ ਵ੍ਹਾਈਟ (57)ਅਤੇ ਲਿਊਕ ਵਹੀਟਨ (16) ਹਨ। 

ਇਸ ਦੁਖਦਾਈ ਘਟਨਾ ਵਿਚ ਮਰਨ ਵਾਲਾ ਸਭ ਤੋਂ ਘੱਟ ਉਮਰ ਦਾ ਇਕ 16 ਸਾਲਾ ਲੜਕਾ ਲਿਊਕ ਵਹੀਟਨ ਹੈ ਜੋ ਕਿ ਬ੍ਰਿਸਟਲ ਦੇ ਬ੍ਰੈਡਲੇ ਸਟੋਕ ਕਮਿਊਨਿਟੀ ਸਕੂਲ ਵਿੱਚ ਇਕ ਸਾਬਕਾ ਵਿਦਿਆਰਥੀ ਸੀ ਅਤੇ ਹਾਲ ਹੀ ਵਿਚ ਉਸ ਨੇ ਇਸ ਪਲਾਂਟ ਵਿਚ ਅਪ੍ਰੈਂਟਿਸਸ਼ਿਪ ਸ਼ੁਰੂ ਕੀਤੀ ਸੀ। ਧਮਾਕੇ ਦੇ ਬਾਅਦ ਐਮਰਜੈਂਸੀ ਅਮਲਾ ਵੀਰਵਾਰ ਸਵੇਰੇ 11.20 ਵਜੇ ਐਵਨਮਾਊਥ ਦੇ ਵੇਸੈਕਸ ਵਾਟਰ ਰੀਸਾਈਕਲਿੰਗ ਸੈਂਟਰ ਪਹੁੰਚ ਕੇ ਸੁਰੱਖਿਆ ਕਾਰਜਾਂ ਵਿੱਚ ਜੁਟ ਗਏ ਸਨ ਅਤੇ ਹਾਦਸੇ ਦੌਰਾਨ ਪੀੜਤ ਵਿਅਕਤੀ ਪਾਣੀ ਦੇ ਟੈਂਕ ਉੱਪਰ ਕੰਮ ਕਰ ਰਹੇ ਸਨ। ਏਵਨ ਅਤੇ ਸਮਰਸੈਟ ਪੁਲਿਸ ਨੇ ਹਾਦਸੇ ਨੂੰ ਇੱਕ ਵੱਡੀ ਘਟਨਾ ਘੋਸ਼ਿਤ ਕੀਤਾ ਹੈ ਅਤੇ ਇਸਦੀ ਅਗਲੀ ਜਾਂਚ ਅਜੇ ਜਾਰੀ ਹੈ।ਇਸ ਮੰਦਭਾਗੀ ਘਟਨਾ ਦੇ ਸੰਬੰਧ ਵਿੱਚ ਵਾਟਰ ਪਲਾਂਟ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮ੍ਰਿਤਕਾਂ ਦੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

Lalita Mam

This news is Content Editor Lalita Mam