ਬੋਲੀਵੀਆ ਦੀ ਸਾਬਕਾ ਰਾਸ਼ਟਰਪਤੀ ਨੂੰ ਹੋਈ 10 ਸਾਲ ਜੇਲ੍ਹ

06/11/2022 5:23:20 PM

ਲਾ ਪਾਜ਼/ਬੋਲੀਵੀਆ (ਏਜੰਸੀ)- ਬੋਲੀਵੀਆ ਦੀ ਸਾਬਕਾ ਅੰਤਰਿਮ ਰਾਸ਼ਟਰਪਤੀ ਜੀਨਿਨ ਅਨੀਜ਼ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ 'ਤੇ ਦੋਸ਼ ਸੀ ਕਿ ਬੋਲੀਵੀਆ ਵਿੱਚ 2019 ਵਿਚ ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਈਵੋ ਮੋਰਾਲੇਸ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਦੇਸ਼ ਛੱਡ ਕੇ ਭੱਜ ਗਏ ਸਨ, ਜਿਸ ਤੋਂ ਬਾਅਦ ਜੀਨਿਨ ਮੌਕੇ ਦਾ ਫ਼ਾਇਦਾ ਚੁੱਕ ਕੇ ਖੁਦ ਅੰਤਰਿਮ ਰਾਸ਼ਟਰਪਤੀ ਬਣ ਗਈ ਸੀ। ਅਦਾਲਤ ਨੇ ਸ਼ੁੱਕਰਵਾਰ ਨੂੰ ਜੀਨਿਨ ਅਨੀਜ਼ ਨੂੰ ਡਿਊਟੀ ਨਾ ਨਿਭਾਉਣ ਅਤੇ ਸੰਵਿਧਾਨ ਦੇ ਵਿਰੁੱਧ ਕੰਮ ਕਰਨ ਦਾ ਦੋਸ਼ੀ ਠਹਿਰਾਇਆ ਹੈ। ਜੀਨਿਨ ਵੱਲੋਂ ਖ਼ੁਦ ਨੂੰ ਰਾਸ਼ਟਰਪਤੀ ਘੋਸ਼ਿਤ ਕਰਨ ਦੀ ਘਟਨਾ ਨੂੰ ਮੋਰਾਲੇਸ ਅਤੇ ਉਨ੍ਹਾਂ ਦੀ ਪਾਰਟੀ ਨੇ ਤਖਤਾਪਲਟ ਕਰਾਰ ਦਿੱਤਾ ਸੀ। ਜੀਨਿਨ ਅਨੀਜ਼ ਦੇ ਸਮਰਥਕਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਹ ਇੱਕ ਤਖਤਾਪਲਟ ਸੀ।

ਅਨੀਜ਼ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਮੋਰਾਲੇਸ ਵੱਲੋਂ ਕਥਿਤ ਤੌਰ 'ਤੇ ਸੱਤਾ ਦੀ ਦੁਰਵਰਤੋਂ ਕਾਰਨ ਹੀ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ। ਅਨੀਜ਼ ਦੇ ਸਮਰਥਕਾਂ ਨੇ ਦਾਅਵਾ ਕੀਤਾ ਕਿ ਬੋਲੀਵੀਆ ਦੇ ਪਹਿਲੇ ਸਵਦੇਸ਼ੀ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਨੂੰ ਸੱਤਾ ਤੋਂ ਬੇਦਖ਼ਲ ਕੀਤੇ ਜਾਣ ਨਾਲ ਅਹੁਦਾ ਖਾਲ੍ਹੀ ਹੋ ਗਿਆ, ਜਿਸ ਨੇ ਅਨੀਜ਼ ਨੂੰ ਅੰਤਰਿਮ ਰਾਸ਼ਟਰਪਤੀ ਬਣਨ ਦੀ ਇਜਾਜ਼ਤ ਦਿੱਤੀ। ਬਚਾਅ ਪੱਖ ਨੇ ਕਿਹਾ ਕਿ ਅਨੀਜ਼ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰੇਗੀ। ਜੇਲ੍ਹ ਵਿਚ ਬੰਦ ਅਨੀਜ਼ ਨੇ ਕਿਹਾ, 'ਮੈਂ ਰਾਸ਼ਟਰਪਤੀ ਬਣਨ ਲਈ ਉਂਗਲੀ ਨਹੀਂ ਚੁੱਕੀ, ਪਰ ਮੈਂ ਉਹ ਕੀਤਾ, ਜੋ ਮੈਨੂੰ ਉਸ ਦੇਸ਼ ਨੂੰ ਸ਼ਾਂਤ ਕਰਨ ਲਈ ਕਰਨਾ ਚਾਹੀਦਾ ਸੀ, ਜਿਸ ਨੂੰ ਮੋਰਾਲੇਸ ਛੱਡ ਕੇ ਭੱਜ ਗਏ ਸਨ।'

cherry

This news is Content Editor cherry