ਪਾਕਿਸਤਾਨ ''ਚ ਸਾਬਕਾ ਪੁਲਸ ਅਧਿਕਾਰੀ ''ਤੇ ਮਾਡਲ ਨੂੰ ਕਤਲ ਕਰਨ ਦਾ ਦੋਸ਼

03/25/2019 8:12:16 PM

ਕਰਾਚੀ (ਭਾਸ਼ਾ)- ਪਾਕਿਸਤਾਨ ਵਿਚ ਇਕ ਸਾਬਕਾ ਪੁਲਸ ਅਧਿਕਾਰੀ 'ਤੇ ਕਥਿਤ ਤੌਰ 'ਤੇ ਫਰਜ਼ੀ ਮੁਕਾਬਲੇ ਵਿਚ 27 ਸਾਲ ਦੇ ਇਕ ਪੁਰਸ਼ ਮਾਡਲ ਨੂੰ ਕਤਲ ਕਰਨ ਦਾ ਦੋਸ਼ ਹੈ। ਉਸ ਨੇ ਮਾਡਲ ਨੂੰ ਪਾਕਿਸਤਾਨ ਤਾਲੀਬਾਨ ਦਾ ਮੈਂਬਰ ਦੱਸਿਆ ਸੀ। ਕਰਾਚੀ ਵਿਚ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਨੇ ਮਲੀਰ ਦੇ ਸਾਬਕਾ ਪੁਲਸ ਅਧਿਕਾਰੀ (ਐਸ.ਐਸ.ਪੀ.) ਰਾਵ ਅਨਵਰ 'ਤੇ ਵਜਰਿਸਤਾਨ ਦੇ ਨਕੀਬਦੁੱਲਾ ਮਹਿਸੂਦ ਨੂੰ ਫਰਜ਼ੀ ਮੁਕਾਬਲੇ ਵਿਚ ਕਤਲ ਕਰਨ ਦਾ ਦੋਸ਼ ਤੈਅ ਕੀਤਾ।

ਅਦਾਲਤ ਵਿਚ ਮੌਜੂਦ ਅਨਵਰ ਨੇ ਹਾਲਾਂਕਿ ਖੁਦ ਨੂੰ ਬੇਕਸੂਰ ਦੱਸਿਆ। ਅਦਾਲਤ ਨੇ ਸ਼ਿਕਾਇਤਕਰਤਾ ਅਤੇ ਮੈਜਿਸਟ੍ਰੇਟ (ਜਿਨ੍ਹਾਂ ਨੇ ਪ੍ਰਤੱਖਦਰਸ਼ੀਆਂ ਦੇ ਬਿਆਨ ਦਰਜ ਕੀਤੇ ਸਨ) ਨੂੰ 11 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੰਦੇ ਹੋਏ ਸੁਣਵਾਈ ਮੁਲਤਵੀ ਕਰ ਦਿੱਤੀ। ਮਾਮਲੇ ਵਿਚ ਮੁਲਜ਼ਮ ਅਨਵਰ, ਇਕ ਸਾਬਕਾ ਉਪ ਅਧਿਕਾਰੀ ਅਤੇ ਤਿੰਨ ਹੋਰ ਲੋਕ ਜ਼ਮਾਨਤ 'ਤੇ ਰਿਹਾਅ ਹੈ, ਜਦੋਂ ਕਿ ਹੋਰ 13 ਪੁਲਸ ਅਧਿਕਾਰੀ ਜੂਡੀਸ਼ਿਅਲ ਰਿਮਾਂਡ 'ਤੇ ਹਨ। ਅਨਵਰ ਨੇ ਨਕੀਬ ਨੂੰ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦਾ ਅੱਤਵਾਦੀ ਦੱਸਿਆ ਸੀ ਪਰ ਉਨ੍ਹਾਂ ਦੇ ਇਸ ਦਾਅਵੇ ਦੇ ਸਬੰਧ ਵਿਚ ਕੋਈ ਸਬੂਤ ਨਹੀਂ ਮਿਲੇ। ਨਕੀਬ ਦੇ ਕਤਲ ਨੂੰ ਲੈ ਕੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਗੁੱਸਾ ਜਤਾਇਆ ਸੀ।

Sunny Mehra

This news is Content Editor Sunny Mehra