ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਗਫੂਰ ਨੂੰ ਮਾਲਦੀਵ ਪੁਲਸ ਨੇ ਕੀਤਾ ਗ੍ਰਿਫਤਾਰ

08/04/2019 4:19:22 AM

ਮਾਲੇ - ਮਾਲਵਾਹਕ ਜਹਾਜ਼ ਨਾਲ ਤਮਿਲਨਾਡੂ ਪਹੁੰਚ ਕੇ ਭਾਰਤ 'ਚ ਰਾਜਨੀਤਕ ਪਨਾਹ ਦੀ ਮੰਗ ਕਰਨ ਵਾਲੇ ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਅਹਿਮਦ ਅਦੀਬ ਅਬਦੁਲ ਗਫੂਰ ਨੂੰ ਭਾਰਤੀ ਅਧਿਕਾਰੀਆਂ ਵੱਲੋਂ ਵਾਪਸ ਉਨ੍ਹਾਂ ਦੇ ਦੇਸ਼ ਭੇਜੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਮਾਲਦੀਵ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਗਫੂਰ ਵੀਰਵਾਰ ਨੂੰ ਇਕ ਮਾਲਵਾਹਕ ਜਹਾਜ਼ ਰਾਹੀਂ ਤਮਿਲਨਾਡੂ ਪਹੁੰਚੇ ਸਨ ਪਰ ਉਨ੍ਹਾਂ ਨੂੰ ਜਹਾਜ਼ ਤੋਂ ਉਤਰਨ ਨਹੀਂ ਦਿੱਤਾ ਗਿਆ ਸੀ।

ਕਈ ਕੇਂਦਰੀ ਏਜੰਸੀਆਂ ਨੇ ਜਹਾਜ਼ 'ਤੇ ਵੀ ਉਨ੍ਹਾਂ ਤੋਂ ਪੁੱਛਗਿਛ ਕੀਤੀ ਸੀ। ਤੂਤੀਕੋਰਿਨ 'ਚ ਇਕ ਪੁਲਸ ਅਧਿਕਾਰੀ ਨੇ ਪੀ. ਟੀ. ਆਈ. ਭਾਸ਼ਾ ਨੂੰ ਦੱਸਿਆ ਸੀ ਕਿ ਮਾਲਦੀਵ ਦੇ ਇਨਾਂ ਨੇਤਾਵਾਂ ਨੂੰ ਅਧਿਕਾਰੀਆਂ ਨੇ ਉਤਰਨ ਨਹੀਂ ਦਿੱਤਾ ਸੀ ਕਿਉਂਕਿ ਉਨ੍ਹਾਂ ਦੇ ਕੋਲ ਜ਼ਰੂਰੀ ਦਸਤਾਵੇਜ਼ ਨਹੀਂ ਸਨ। ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜ ਦਿੱਤਾ ਗਿਆ ਸੀ। ਮਾਲਦੀਵ ਪੁਲਸ ਨੇ ਸ਼ਨੀਵਾਰ ਨੂੰ ਕਿਹਾ ਅਸੀਂ ਇਸ ਗੱਲ ਦੀ ਪੁਸ਼ਟੀ ਕਰਨਾ ਚਾਹਾਂਗੇ ਕਿ ਐੱਚ ਸਾਮਰਾ ਦੇ ਅਹਿਮਦ ਅਦੀਬ ਅਬਦੁਲ ਗਫੂਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਾਡੀ ਸੁਰੱਖਿਆ 'ਚ ਮਾਲੇ ਲਿਜਾਂਦਾ ਜਾ ਰਿਹਾ ਹੈ।

ਗਫੂਰ ਦੀ ਨੁਮਾਇੰਦਗੀ ਕਰ ਰਹੀ ਇਕ ਕੰਪਨੀ ਦੇ ਬ੍ਰਿਟਿਸ਼ ਵਕੀਲ ਟੋਬੀ ਕੈਡਮੈਨ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਡੂੰਘੀ ਚਿੰਤਾ ਹੈ ਕਿ ਉਨ੍ਹਾਂ ਨੂੰ ਮਾਲਦੀਵ ਨੂੰ ਵਾਪਸ ਕੀਤਾ ਜਾ ਸਕਦਾ ਹੈ, ਜਿੱਥੇ ਉਨ੍ਹਾਂ ਦੀ ਜਾਨ ਜ਼ੋਖਮ 'ਚ ਹੈ। ਉਨ੍ਹਾਂ ਨੇ ਪਨਾਹ ਲਈ ਅਪੀਲ ਕੀਤੀ ਹੈ ਅਤੇ ਉਸ ਨੂੰ ਮੰਨ ਲਿਆ ਜਾਣਾ ਚਾਹੀਦਾ ਹੈ। ਗਫੂਰ ਦੀ ਕਾਨੂੰਨੀ ਟੀਮ ਮੁਤਾਬਕ ਗਫੂਰ ਦੀ ਤੱਤਕਾਲੀ ਰਾਸ਼ਟਰਪਤੀ ਅਬਦੁੱਲਾ ਯਾਮੀਨ ਨਾਲ ਅਣਬਣ ਹੋ ਗਈ ਸੀ ਅਤੇ ਯਾਮੀਨ ਦੀ ਹੱਤਿਆ ਲਈ ਬੰਬ ਧਮਾਕੇ ਦੀ ਸਾਜ਼ਿਸ਼ ਨੂੰ ਲੈ ਕੇ ਉਨ੍ਹਾਂ ਦੀ ਜਾਂਚ ਕੀਤੀ ਗਈ।

Khushdeep Jassi

This news is Content Editor Khushdeep Jassi