''ਰੱਖਿਆ ਮੰਤਰੀ ਦਾ ਬਦਲਾ'' ਲੈਣ ਲਈ ਸਾਬਕਾ ਆਈ. ਜੀ. ਨੂੰ ਡਿਪੋਰਟ ਕਰਕੇ ਕੈਨੇਡਾ ਨੇ ਕਰਾਈ ਕਿਰਕਿਰੀ

05/27/2017 7:58:22 AM

 ਜਲੰਧਰ/ਟੋਰਾਂਟੋ (ਪੁਨੀਤ)— ਬੀਤੇ ਦਿਨੀਂ ਆਪਣੇ ਇਕ ਪਰਿਵਾਰਕ ਪ੍ਰੋਗਰਾਮ ''ਚ ਹਿੱਸਾ ਲੈਣ ਲਈ ਕੈਨੇਡਾ ਪਹੁੰਚੇ ਸੀ. ਆਰ. ਪੀ. ਐੱਫ. ਦੇ ਸਾਬਕਾ ਆਈ. ਜੀ. ਤੇਜਿੰਦਰ ਢਿੱਲੋਂ ਨੂੰ ਕੈਨੇਡਾ ਵਿਖੇ ਦਾਖਲ ਹੋਣ ਤੋਂ ਰੋਕਣ ਦੀ ਹਰ ਪਾਸਿਓਂ ਨਿੰਦਾ ਹੋ ਰਹੀ ਹੈ। ਬੇਸ਼ੱਕ ਕੈਨੇਡਾ ਸਰਕਾਰ ਨੇ ਆਪਣੀ ਭੁੱਲ ਨੂੰ ਸੁਧਾਰਦੇ ਹੋਏ ਉਨ੍ਹਾਂ ਨੂੰ ਖੁਦ ਦੇ ਖਰਚੇ ''ਤੇ ਕੈਨੇਡਾ ਦੀ ਟਿਕਟ ਮੁਹੱਈਆ ਕਰਵਾਈ ਪਰ ਇੰਨੇ ਵੱਡੇ ਅਧਿਕਾਰੀ ਨਾਲ ਹੋਏ ਇਸ ਗਲਤ ਰਵੱਈਏ ਨੂੰ ਪਚਾਉਣਾ ਔਖਾ ਹੈ। ਢਿੱਲੋਂ ਨਾਲ ਹੋਏ ਇਸ ਰਵੱਈਏ ਕਾਰਨ ਭਾਰਤ-ਕੈਨੇਡਾ ਦੇ ਰਿਸ਼ਤਿਆਂ ''ਚ ਇਕ ਵਾਰ ਫਿਰ ਮੁੜ ਤੋਂ ਕੁੜੱਤਣ ਆ ਗਈ ਹੈ, ਜੋ ਦੋਵਾਂ ਦੇਸ਼ਾਂ ਲਈ ਚੰਗੀ ਗੱਲ ਨਹੀਂ।

ਆਈ. ਜੀ. ਨੂੰ ਡਿਪੋਰਟ ਕਰਨ ਨੂੰ ਰੱਖਿਆ ਮੰਤਰੀ ਦੇ ਮਾਮਲੇ ''ਚ ਬਦਲਾ ਲੈਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਕਾਰਨ ਕੁਝ ਵੀ ਰਿਹਾ ਹੋਵੇ ਪਰ ਇਸ ਪੂਰੇ ਮਾਮਲੇ ''ਚ ਕੈਨੇਡਾ ਸਰਕਾਰ ਦੀ ਖੂਬ ਕਿਰਕਿਰੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਕੈਨੇਡਾ ਨੇ ਬਿਨਾਂ ਕੋਈ ਸਮਾਂ ਗੁਆਏ ਆਪਣੀ ਭੁੱਲ ਨੂੰ ਇਸ ਲਈ ਠੀਕ ਕਰ ਲਿਆ ਕਿਉਂਕਿ ਕੈਨੇਡਾ ਵਿਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਤੋਂ ਉਥੋਂ ਦੀ ਸਰਕਾਰ ਵੱਡੀ ਪੱਧਰ ''ਤੇ ਰੈਵੇਨਿਊ ਕਮਾਉਂਦੀ ਹੈ। ਇਸੇ ਨੂੰ ਧਿਆਨ ''ਚ ਰੱਖਦਿਆਂ ਕਾਹਲੀ-ਕਾਹਲੀ ''ਚ ਸਾਬਕਾ ਆਈ. ਜੀ. ਨੂੰ ਟਿਕਟ ਅਤੇ ਵੀਜ਼ਾ ਦੇ ਕੇ ਕੈਨੇਡਾ ਨੇ ਆਪਣੀ ਭੁੱਲ ਨੂੰ ਸੁਧਾਰ ਲਿਆ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿਚ ਕੈਨੇਡਾ ਦਾ ਦੌਰਾ ਕੀਤਾ ਸੀ। ਇਸ ਯਾਤਰਾ ਕਾਰਨ ਉਮੀਦ ਬੱਝੀ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਵਧੀਆ ਹੋਣਗੇ ਪਰ ਰਿਸ਼ਤਿਆਂ ਵਿਚ ਉਸ ਤਰ੍ਹਾਂ ਦੀ ਮਿਠਾਸ ਨਹੀਂ ਆਈ, ਜਿਸ ਤਰ੍ਹਾਂ ਦੀ ਉਮੀਦ ਸੀ।  ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਭਾਰਤ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵਲੋਂ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ ਗਈ, ਜੋ ਦੋਵਾਂ ਦੇਸ਼ਾਂ ਵਿਚਾਲੇ ਚਰਚਾ ਦਾ ਵਿਸ਼ਾ ਰਿਹਾ। 
ਸੀ. ਆਰ. ਪੀ. ਐੱਫ. ਤੋਂ 7 ਸਾਲ ਪਹਿਲਾਂ ਸੇਵਾ-ਮੁਕਤ ਹੋਏ ਤੇਜਿੰਦਰ ਢਿੱਲੋਂ ਨੂੰ ਦੇਸ਼ ਦੇ ਦੁਸ਼ਮਣਾਂ ਵਿਰੁੱਧ ਵੱਡੀ ਕਾਰਵਾਈ ਕਰਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਅੱਤਵਾਦ ਵਿਰੁੱਧ ਕਈ ਵੱਡੀਆਂ ਕਾਰਵਾਈਆਂ ਕੀਤੀਆਂ, ਜਿਸ ਪਿੱਛੋਂ ਉਹ ਸੁਰਖੀਆਂ ''ਚ ਆਏ। ਉਨ੍ਹਾਂ  ਵਿਰੁੱਧ ਮਨੁੱਖੀ ਹੱਕਾਂ ਦੀ ਉਲੰਘਣਾ ਕਰਨ ਬਾਰੇ ਗੱਲਾਂ ਕਹੀਆਂ ਗਈਆਂ ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਸੇਵਾਵਾਂ ਦੀ ਭਾਰੀ ਸ਼ਲਾਘਾ ਕੀਤੀ ਗਈ। 
ਸੀ. ਆਰ. ਪੀ. ਐੱਫ. ਵਿਚ ਉਨ੍ਹਾਂ ਨੇ ਕਈ ਅਹਿਮ ਜ਼ਿੰਮੇਵਾਰੀ ਵਾਲੇ ਅਹੁਦਿਆਂ ''ਤੇ ਕੰਮ ਕੀਤਾ। 2010 ਵਿਚ ਉਹ ਸੇਵਾ-ਮੁਕਤ ਹੋਏ। ਦੇਸ਼ ਸੇਵਾ ਲਈ ਸੀ. ਆਰ. ਪੀ. ਐੱਫ. ਸਮੇਤ ਫੌਜ ਵਿਚ ਜਾਣ ਵਾਲੇ ਨੌਜਵਾਨਾਂ ਲਈ ਤੇਜਿੰਦਰ ਢਿੱਲੋਂ ਇਕ ਆਦਰਸ਼ ਹਨ। ਕੈਨੇਡਾ ਦੇ ਵੈਨਕੂਵਰ ਹਵਾਈ ਅੱਡੇ ''ਤੇ ਉਨ੍ਹਾਂ ਨਾਲ ਹੋਏ ਰਵੱਈਏ ਨੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ''ਚ ਨਿਘਾਰ ਲਿਆਂਦਾ ਹੈ। 
ਡਿਪੋਰਟ ਕਰਨਾ ਅਫਸੋਸਨਾਕ ਗੱਲ : ਬਿੱਟੂ  
ਲੁਧਿਆਣਾ ਤੋਂ ਐੱਮ. ਪੀ. ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਇਹ ਅਫਸੋਸ ਵਾਲੀ ਗੱਲ ਹੈ ਕਿ ਭਾਰਤ ਦੇ ਹੀਰੋ ਵਜੋਂ ਜਾਣੇ ਜਾਂਦੇ ਤੇਜਿੰਦਰ ਢਿੱਲੋਂ ਨਾਲ ਇਸ ਤਰ੍ਹਾਂ ਦਾ ਰਵੱਈਆ ਅਪਣਾਇਆ ਗਿਆ। ਭਾਵੇਂ ਕੈਨੇਡਾ ਸਰਕਾਰ ਨੇ ਆਪਣੀ ਗਲਤੀ ਸੁਧਾਰ ਲਈ ਹੈ ਪਰ ਉਸ ਨੂੰ ਚਾਹੀਦਾ ਹੈ ਕਿ ਉਹ ਕੈਨੇਡਾ ਵਿਚ ਢਿੱਲੋਂ ਦੇ ਸਨਮਾਨ ਲਈ ਇਕ ਪ੍ਰੋਗਰਾਮ ਦਾ ਆਯੋਜਨ ਕਰ ਕੇ ਉਨ੍ਹਾਂ ਨੂੰ ਸਨਮਾਨ ਪ੍ਰਦਾਨ ਕਰੇ। 
ਕੈਨੇਡਾ ਨੇ ਭਾਰਤ ਦੇ ਹੀਰੋ ਨੂੰ ਰੋਕਿਆ : ਸੋਮ ਪ੍ਰਕਾਸ਼
ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਦਾ ਕਹਿਣਾ ਹੈ ਕਿ ਢਿੱਲੋਂ ਭਾਰਤ ਦੇ ਹੀਰੋ ਹਨ ਅਤੇ ਉਨ੍ਹਾਂ ਨਾਲ ਜਿਸ ਤਰ੍ਹਾਂ ਦਾ ਵਰਤਾਅ ਕੀਤਾ ਗਿਆ ਹੈ, ਉਹ ਗਲਤ ਹੈ। ਕੈਨੇਡਾ ਸਰਕਾਰ ਨੂੰ ਭਾਰਤ ਨਾਲ ਚੰਗੇ ਰਿਸ਼ਤੇ ਬਣਾਉਣੇ ਚਾਹੀਦੇ ਹਨ ਅਤੇ ਭਾਰਤ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਪ੍ਰਤੀ ਵਧੀਆ ਰਵੱਈਆ ਅਪਣਾਉਣਾ ਚਾਹੀਦਾ ਹੈ। ਭਾਰਤ ਵਲੋਂ ਕੈਨੇਡਾ ਦੇ ਮੰਤਰੀਆਂ ਅਤੇ ਅਧਿਕਾਰੀਆਂ ਦਾ ਜਿਸ ਤਰ੍ਹਾਂ ਸਤਿਕਾਰ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਦਾ ਸਤਿਕਾਰ ਭਾਰਤੀਆਂ ਨੂੰ ਵੀ ਕੈਨੇਡਾ ਵਿਚ ਮਿਲਣਾ ਚਾਹੀਦਾ ਹੈ। 
ਬਿਨਾਂ ਜਾਂਚ-ਪੜਤਾਲ ਕੀਤੇ ਡਿਪੋਰਟ ਕਰਨਾ ਗਲਤ : ਕੋਹਾੜ
ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਅਜੀਤ ਸਿੰਘ ਕੋਹਾੜ ਨੇ ਕਿਹਾ ਹੈ ਕਿ ਬਿਨਾਂ ਜਾਂਚ-ਪੜਤਾਲ ਦੇ ਇਸ ਤਰ੍ਹਾਂ ਦੀ ਕਾਰਵਾਈ ਕਰਨਾ ਗਲਤ ਹੈ। ਕੈਨੇਡਾ ਦੇ ਹਾਈ ਕਮਿਸ਼ਨ ਨੂੰ ਇਸ ਤਰ੍ਹਾਂ ਦੇ ਮਾਮਲੇ ਚੌਕਸੀ ਅਤੇ ਸਿਆਣਪ ਨਾਲ ਹੱਲ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਭਾਰਤ ਦੇ ਸਾਬਕਾ ਸੀਨੀਅਰ ਅਧਿਕਾਰੀ ਨੂੰ ਵਾਪਸ ਭੇਜਣ ਨਾਲ ਰਿਸ਼ਤਿਆਂ ''ਚ ਕੁੜੱਤਣ ਆ ਸਕਦੀ ਹੈ। ਸਰਕਾਰ ਨੂੰ ਲੋੜੀਂਦੇ ਕਦਮ ਚੁੱਕਦੇ ਹੋਏ ਉਨ੍ਹਾਂ ਨੂੰ ਕੈਨੇਡਾ ਵਿਚ ਸਨਮਾਨਿਤ ਕਰਨਾ ਚਾਹੀਦਾ ਹੈ।