ਸਾਬਕਾ CIA ਅਧਿਕਾਰੀ ਦਾ ਦਾਅਵਾ : ਅਫ਼ਗਾਨਿਸਤਾਨ ’ਚੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਨਾਲ ਵਧਣਗੇ ਜੇਹਾਦੀਆਂ ਦੇ ਹੌਸਲੇ

09/13/2021 3:41:05 PM

ਵਾਸ਼ਿੰਗਟਨ : ਅਮਰੀਕੀ ਖ਼ੁਫ਼ੀਆ ਏਜੰਸੀ (ਸੀ. ਆਈ. ਏ.) ਦੇ ਇੱਕ ਸਾਬਕਾ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਅਫ਼ਗਾਨਿਸਤਾਨ ਤੋਂ ਅਮਰੀਕੀ ਅਤੇ ਨਾਟੋ ਫੌਜੀਆਂ ਦੇ ਜਲਦਬਾਜ਼ੀ ’ਚ ਨਿਕਲਣ ਅਤੇ ਤਾਲਿਬਾਨ ਦੀ ਜਿੱਤ ਅਤੇ ਸ਼ਾਸਨ ਨਾਲ ਜੇਹਾਦੀਆਂ ਦੇ ਹੌਸਲੇ ਵਧਣਗੇ। ਇੱਕ ਇੰਟਰਵਿਊ ’ਚ ਸੀ. ਆਈ. ਏ. ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਮਾਈਕਲ ਮੋਰੇਲ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਫ਼ਗਾਨਿਸਤਾਨ ’ਚੋਂ ਜਿਸ ਤਰ੍ਹਾਂ ਅਮਰੀਕੀ ਫੌਜੀਆਂ ਦੀ ਵਾਪਸੀ ਹੋਈ ਹੈ, ਉਸ ਨੇ ਪੂਰੀ ਦੁਨੀਆ ਦੇ ਜੇਹਾਦੀਆਂ ਨੂੰ ਪ੍ਰੇਰਿਤ ਕੀਤਾ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਕਹਿ ਰਿਹਾ ਹੈ, ਅਸੀਂ ਨਾ ਸਿਰਫ ਅਮਰੀਕਾ ਨੂੰ ਹਰਾਇਆ ਹੈ, ਸਗੋਂ ਨਾਟੋ ਨੂੰ ਵੀ ਹਰਾਇਆ ਹੈ।

ਉਹ ਖੁਸ਼ੀ ਮਨਾ ਰਹੇ ਹਨ ਕਿ ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਨੂੰ ਹਰਾ ਦਿੱਤਾ ਹੈ। ਪਿਛਲੇ ਐਤਵਾਰ ਇੱਕ ਚੋਟੀ ਦੇ ਅਮਰੀਕੀ ਜਨਰਲ ਨੇ ਕਿਹਾ ਸੀ ਕਿ ਤਾਲਿਬਾਨ ਦੇ ਹਮਲੇ ਦੇ ਮੱਦੇਨਜ਼ਰ ਅਫ਼ਗਾਨ ਫੌਜ ਬਹੁਤ ਤੇਜ਼ੀ ਨਾਲ ਡਿੱਗੀ। ਅਫ਼ਗਾਨਿਸਤਾਨ ’ਚ ਅਮਰੀਕਾ ਦੀ ਭੂਮਿਕਾ ਸ਼ੱਕ ਦੇ ਘੇਰੇ ’ਚ ਆ ਗਈ ਹੈ। ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੇ ਨੇ ਕਿਹਾ : ‘ਅਫ਼ਗਾਨ ਫੌਜ ਦਾ ਪਤਨ ਬਹੁਤ ਤੇਜ਼ੀ ਨਾਲ ਹੋਇਆ, ਜੋ ਸਾਰਿਆਂ ਲਈ ਬਹੁਤ ਹੈਰਾਨਕੁੰਨ ਸੀ।’ ਮਿਲੇ ਨੇ ਅੱਗੇ ਚਿਤਾਵਨੀ ਦਿੱਤੀ ਕਿ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਭਵਿੱਖ ’ਚ ਅਫ਼ਗਾਨਿਸਤਾਨ ’ਚ ਗ੍ਰਹਿ ਯੁੱਧ ਸ਼ੁਰੂ ਹੋ ਸਕਦਾ ਹੈ।

ਅਫ਼ਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਲਈ ਬਾਈਡੇਨ ਪ੍ਰਸ਼ਾਸਨ ਦੀ ਆਲੋਚਨਾ ਕਰਦਿਆਂ ਇੱਕ ਉੱਚ ਰੂਸੀ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਵਾਸ਼ਿੰਗਟਨ ਵੱਲੋਂ ਸਥਾਪਿਤ ਕੀਤੀ ਪ੍ਰਣਾਲੀ ਉਨ੍ਹਾਂ ਦੇ ਸਮਰਥਨ ਤੋਂ ਬਿਨਾਂ ਨਹੀਂ ਰਹਿ ਸਕਦੀ ਅਤੇ ਉਨ੍ਹਾਂ ਦੇ ਬਾਹਰ ਜਾਣ ਤੋਂ ਬਾਅਦ ਅਮਰੀਕੀ ਫੌਜੀ ਨਿਰਮਾਣ ਦੀਆਂ ਕੋਸ਼ਿਸ਼ਾਂ ਮਿੱਟੀ ’ਚ ਬਦਲ ਗਈਆਂ। ਰੂਸੀ ਸੁਰੱਖਿਆ ਪ੍ਰੀਸ਼ਦ ਦੇ ਉਪ ਪ੍ਰਧਾਨ ਦਮਿੱਤਰੀ ਮੇਦਵੇਦੇਵ ਨੇ ਕਿਹਾ ਕਿ ਅਮਰੀਕਾ ਪਹਿਲਾਂ ਹੀ ਸਥਾਪਿਤ ਅਫ਼ਗਾਨ ਸ਼ਾਸਨ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਨ ਦੀ ਆਪਣੀ ਕੋਸ਼ਿਸ਼ ’ਚ ਅਸਫਲ ਰਿਹਾ ਹੈ।


Manoj

Content Editor

Related News