ਆਸਟਰੇਲੀਆ ''ਚ ਭਾਰਤੀ ਵਰਕਰ ਦਾ ਕੀਤਾ ਗਿਆ ਸ਼ੋਸ਼ਣ, ਜੱਜ ਨੇ ਮਾਲਕਾਂ ''ਤੇ ਲਾਇਆ ਵੱਡਾ ਜ਼ੁਰਮਾਨਾ

06/20/2017 1:39:24 PM


ਮੈਲਬੌਰਨ— ਆਸਟਰੇਲੀਆ 'ਚ ਇਕ ਭਾਰਤੀ ਵਰਕਰ ਦਾ ਸ਼ੋਸ਼ਣ ਕਰਨ ਦੇ ਮਾਮਲੇ 'ਚ ਇਕ ਸਾਬਕਾ ਕੌਫੀ ਕਲੱਬ ਦੇ ਭਾਰਤੀ ਮੂਲ ਦੇ ਮਾਲਕਾਂ 'ਤੇ 1,80,000 ਡਾਲਰਾਂ ਦਾ ਜ਼ੁਰਮਾਨਾ ਲਾਇਆ ਗਿਆ ਹੈ। ਸੰਘੀ ਅਦਾਲਤ ਦੇ ਜੱਜ ਮਾਈਕਲ ਜੈਰੇਟ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਕਲੱਬ ਦੇ ਮਾਲਕ ਸੰਦੀਪ ਚੋਖਾਨੀ 'ਤੇ 30,000 ਡਾਲਰ ਅਤੇ ਉਸ ਦੇ ਅਤੇ ਉਸ ਦੀ ਪਤਨੀ ਦੀ ਮਲਕੀਅਤ ਵਾਲੀ ਕੰਪਨੀ 'ਤੇ 1,50,000 ਡਾਲਰ ਦਾ ਜ਼ੁਰਮਾਨਾ ਲਾਇਆ। ਇੱਥੇ ਦੱਸ ਦੇਈਏ ਕਿ ਭਾਰਤੀ ਮੂਲ ਦੇ ਸੰਦੀਪ ਚੋਖਾਨੀ ਆਪਣੀ ਪਤਨੀ ਨਾਲ ਆਸਟਰੇਲੀਆ ਦੇ ਬ੍ਰਿਸਬੇਨ 'ਚ ਕੌਫੀ ਕਲੱਬ ਚਲਾਉਂਦੇ ਸਨ। ਇਸ 'ਚ ਕੰਮ ਕਰਨ ਵਾਲੇ ਇਕ ਭਾਰਤੀ ਵਰਕਰ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸ ਨੇ 18,000 ਡਾਲਰ ਦਾ ਭੁਗਤਾਨ ਨਹੀਂ ਕੀਤਾ ਤਾਂ ਉਸ ਦਾ ਵੀਜ਼ਾ ਰੱਦ ਕਰਵਾ ਦਿੱਤਾ ਜਾਵੇਗਾ।
ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਜੱਜ ਨੇ ਕਿਹਾ ਕਿ ਚੋਖਾਨੀ ਨੇ ਭਾਰਤੀ ਵਰਕਰ ਨੂੰ ਜੁਲਾਈ ਤੋਂ ਨਵੰਬਰ, 2014 ਦੌਰਾਨ 4 ਮਹੀਨੇ ਤੱਕ ਅਤੇ ਫਰਵਰੀ-ਮਾਰਚ, 2015 'ਚ 4 ਹਫਤਿਆਂ ਤੱਕ ਕੋਈ ਤਨਖਾਹ ਨਹੀਂ ਦਿੱਤੀ। ਬਾਅਦ 'ਚ ਉਸ ਨੇ ਭਾਰਤੀ ਵਰਕਰ ਨੂੰ 19,300 ਡਾਲਰ ਦਿੱਤੇ ਅਤੇ ਉਸ 'ਚੋਂ 18,000 ਡਾਲਰ ਵਾਪਸ ਕਰਨ ਨੂੰ ਕਿਹਾ ਅਤੇ ਪੈਸੇ ਵਾਪਸ ਨਾ ਕਰਨ 'ਤੇ ਵੀਜ਼ਾ ਰੱਦ ਕਰਵਾਉਣ ਦੀ ਧਮਕੀ ਦਿੱਤੀ। 
ਜੱਜ ਨੇ ਕਿਹਾ ਕਿ ਵਰਕਰ ਦਾ ਮੰਨਣਾ ਹੈ ਕਿ ਉਸ ਕੋਲ ਪੈਸੇ ਦੇ ਭੁਗਤਾਨ ਕਰਨ ਲਈ ਕੋਈ ਬਦਲ ਨਹੀਂ ਸੀ, ਕਿਉਂਕਿ ਉਸ ਦੇ ਮਾਲਕ ਦਾ ਵਤੀਰਾ ਬਹੁਤ ਭਿਆਨਕ ਹੁੰਦਾ ਜਾ ਰਿਹਾ ਸੀ ਅਤੇ ਉਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ। ਜੱਜ ਨੇ ਇਸ ਦੇ ਨਾਲ ਹੀ ਕਿਹਾ ਕਿ ਉਹ ਆਪਣੇ ਰੋਜ਼ਗਾਰ ਨੂੰ ਛੱਡ ਨਹੀਂ ਸਕਦਾ ਸੀ, ਕਿਉਂਕਿ ਜੇਕਰ ਉਹ ਅਜਿਹਾ ਕਰਦਾ ਤਾਂ ਉਸ ਦਾ ਵੀਜ਼ਾ ਰੱਦ ਹੋ ਜਾਂਦਾ। ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਜੱਜ ਨੇ ਮਾਲਕਾਂ 'ਤੇ ਜ਼ੁਰਮਾਨਾ ਲਾਇਆ।