ਯੂ.ਐਸ ''ਚ ਕੰਮ ਕਰਨ ਵਾਲੇ ਭਾਰਤੀਆਂ ਲਈ ਵੱਡੀ ਖਬਰ, ਵੀਜ਼ਾ ਅਰਜ਼ੀਆਂ ਹੋ ਸਕਦੀਆਂ ਨੇ ਰੱਦ

03/30/2018 5:35:17 PM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਨੇ ਵੀਜ਼ੇ ਲਈ ਅਰਜ਼ੀ ਦੇਣ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਕ ਤੋਂ ਵਧ ਵੀਜ਼ਾ ਅਰਜ਼ੀਆਂ ਦਿੱਤੇ ਜਾਣ 'ਤੇ ਬੇਨਤੀ ਨੂੰ ਅਸਵੀਕਾਰ ਕਰ ਦਿੱਤਾ ਜਾਏਗਾ। ਸ਼ਰਨਾਰਥੀਆਂ ਅਤੇ ਨਾਗਰਿਕਤਾ ਨਾਲ ਜੁੜੇ ਮਾਮਲਿਆਂ ਨੂੰ ਦੇਖਣ ਵਾਲੀ ਅਮਰੀਕੀ ਏਜੰਸੀ ਯੂ. ਐਸ ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵੀਸੇਜ਼ (ਯੂ.ਐਸ.ਸੀ.ਆਈ.ਐਸ)ਨੇ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਸ਼ੁਰੂ ਹੋਣ ਤੋਂ ਕੁੱਝ ਦਿਨ ਪਹਿਲਾਂ ਇਹ ਚਿਤਾਵਨੀ ਜਾਰੀ ਕੀਤੀ ਹੈ।
1 ਅਕਤੂਬਰ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਤੀ ਸਾਲ (2019) ਲਈ ਗੈਰ ਸ਼ਰਨਾਰਥੀ ਕੰਮਕਾਜੀ ਵੀਜ਼ਾ ਐਚ-1ਬੀ ਦੀ ਅਰਜ਼ੀ ਪ੍ਰਕਿਰਿਆ 2 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹੈ। ਯੂ.ਐਸ.ਸੀ.ਆਈ.ਐਸ ਨੇ ਕਿਹਾ ਹੈ ਕਿ ਕੋਈ ਵੀ ਸ਼ਖਸ ਕਿਸੇ ਕੰਪਨੀ ਵੱਲੋਂ ਇਕ ਹੀ ਵਿਸ਼ੇ ਦੇ ਤਹਿਤ ਫਾਰਮ ਭਰ ਸਕਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਕਈ ਕਰਮਚਾਰੀ ਇਕ ਹੀ ਕੰਪਨੀ ਵੱਲੋਂ ਵੱਖ-ਵੱਖ ਜੌਬ ਪੋਜੀਸ਼ਨ ਲਈ ਅਪਲਾਈ ਕਰਦੇ ਹਨ, ਜਿਸ ਨਾਲ ਕਿ ਐਚ-1ਬੀ ਵੀਜ਼ਾ ਮਿਲਣ ਦੀਆਂ ਸੰਭਾਵਨਾਵਾਂ ਵਧ ਜਾਣ। ਯੂ.ਐਸ.ਸੀ.ਆਈ.ਐਸ ਨੇ ਕਿਹਾ ਹੈ ਕਿ ਲੋਕ ਅਜਿਹੀਆਂ ਗਲਤੀਆਂ ਨਾ ਕਰਨ। 
ਇਸ ਦੌਰਾਨ ਅਮਰੀਕਨ ਇਮੀਗ੍ਰੇਸ਼ਨ ਕੌਂਸਲ ਨੇ ਕੱਲ ਜਾਰੀ ਇਕ ਰਿਪੋਰਟ ਵਿਚ ਕਿਹਾ ਕਿ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਨੂੰ ਕੰਮਕਾਜੀ ਵੀਜ਼ਾ ਦੇਣ ਦਾ ਪ੍ਰਬੰਧ ਖਤਮ ਕਰਨ ਨਾਲ ਅਮਰੀਕਾ ਵਿਦੇਸ਼ੀ ਪ੍ਰਤੀਭਾਸ਼ਾਲੀ ਲੋਕਾਂ ਲਈ ਘੱਟ ਆਕਰਸ਼ਕ ਹੋ ਜਾਏਗਾ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ 2015 ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਨੂੰ ਵੀ ਕੰਮਕਾਜੀ ਵੀਜ਼ਾ ਦਿੱਤੇ ਜਾਣ ਦਾ ਪ੍ਰਬੰਧ ਸ਼ੁਰੂ ਕੀਤਾ ਗਿਆ ਸੀ। ਮੌਜੂਦਾ ਟਰੰਪ ਪ੍ਰਸ਼ਾਸਨ ਨੇ ਇਸ ਨੂੰ ਖਤਮ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਇਕ ਹੋਰ ਰਿਪੋਰਟ ਵਿਚ ਪਿਊ ਰਿਸਰਚ ਸੈਂਟਰ ਨੇ ਕਿਹਾ ਹੈ ਕਿ 2010 ਤੋਂ 2016 ਦਰਮਿਆਨ ਐਚ-1ਬੀ ਵੀਜ਼ਾ ਧਾਰਕਾਂ ਨੂੰ ਟੈਕਸਾਸ ਅਤੇ ਪੂਰਬੀ ਤੱਟ ਦੇ ਸ਼ਹਿਰਾਂ ਵਿਚ ਰੋਜ਼ਗਾਰ ਦੇ ਵਾਧੂ ਮੌਕੇ ਮਿਲੇ ਹਨ। ਇਹ ਰਿਪੋਰਟ ਉਸ ਪ੍ਰਚਲਿਤ ਧਾਰਨਾ ਦੇ ਪ੍ਰਤੀਕੂਲ ਹੈ, ਜਿਸ ਮੁਤਾਬਕ ਮੰਨਿਆ ਜਾਂਦਾ ਹੈ ਕਿ ਐਚ-1ਬੀ ਵੀਜ਼ਾ ਧਾਰਕਾਂ ਨੂੰ ਰੋਜ਼ਗਾਰ ਦੇ ਵਾਧੂ ਮੌਕੇ ਸਿਲੀਕਾਨ ਵੈਲੀ ਵਿਚ ਮਿਲਦੇ ਹਨ। ਜ਼ਿਕਰਯੋਗ ਹੈ ਕਿ ਐਚ-1ਬੀ ਵੀਜ਼ਾ ਭਾਰਤੀ ਪੇਸ਼ੇਵਰਾਂ ਵਿਚਕਾਰ ਕਾਫੀ ਪ੍ਰਸਿੱਧ ਹੈ। ਇਸ ਤਰ੍ਹਾਂ ਦੇ ਵੀਜ਼ਾ ਦੇ ਪ੍ਰਬੰਧਾਂ ਨੂੰ ਸਖਤ ਕੀਤੇ ਜਾਣ ਨਾਲ ਭਾਰਤੀ ਪੇਸ਼ੇਵਰਾਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਦਾ ਸ਼ੱਕ ਹੈ।