ਪਹਿਲੀ ਵਾਰ ਸਟੇਡੀਅਮ ਮੈਚ ਦੇਖਣ ਪੁੱਜੀਆਂ ਸਾਊਦੀ ਅਰਬ ਦੀਆਂ ਔਰਤਾਂ

01/13/2018 10:14:30 AM

ਰਿਆਦ(ਬਿਊਰੋ)— ਸਾਊਦੀ ਅਰਬ ਵਿਚ ਸ਼ੁੱਕਰਵਾਰ ਨੂੰ ਪਹਿਲੀ ਵਾਰ ਔਰਤਾਂ ਨੇ ਦਰਸ਼ਕ ਗੈਲਰੀ ਵਿਚ ਬੈਠ ਕੇ ਫੁੱਟਬਾਲ ਦਾ ਇਕ ਮੈਚ ਦੇਖਿਆ। ਇਹ ਮੇਚ ਜੇਦਾਹ ਦੇ ਇਕ ਸਟੇਡੀਅਨ ਵਿਚ ਹੋਇਆ। ਉਹ 'ਫੈਮਿਲੀ ਗੇਟ' ਤੋਂ ਸਟੇਡੀਅਮ ਵਿਚ ਦਾਖਲ ਹੋਈਆਂ ਅਤੇ 'ਫੈਮਿਲੀ ਸੈਕਸ਼ਨ' ਵਿਚ ਹੀ ਬੈਠ ਕੇ ਮੈਚ ਦਾ ਮਜ਼ਾ ਲਿਆ। ਸਾਊਦੀ ਅਰਬ ਲਈ ਇਹ ਇਕ ਇਤਿਹਾਸਕ ਪਲ ਸੀ। ਜਿੱਥੇ ਦਹਾਕਿਆਂ ਤੋਂ ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਰਹੀਆਂ ਹਨ, ਜਿਨ੍ਹਾਂ ਵਿਚੋਂ ਕੁੱਝ ਪਾਬੰਦੀਆਂ ਨੂੰ ਹਾਲ ਹੀ ਦੇ ਦਿਨਾਂ ਵਿਚ ਹਟਾਇਆ ਗਿਆ ਹੈ।
ਇਸ ਮਹੀਨੇ ਕੁੱਲ 3 ਸਟੇਡੀਅਮਾਂ ਵਿਚ ਜਾ ਕੇ ਸਾਊਦੀ ਔਰਤਾਂ ਮੈਚ ਦੇਖ ਸਕਣਗੀਆਂ। ਇਹ ਉਨ੍ਹਾਂ ਕਈ ਸਾਮਾਜਿਕ ਸੁਧਾਰਾਂ ਦੀਆਂ ਕੋਸ਼ਿਸ਼ਾਂ ਵਿਚੋਂ ਇਕ ਹੈ, ਜੋ ਕਰਾਊਨ ਪ੍ਰਿੰਸ ਮੁਹੰਮਦ ਸਲਮਾਨ ਦੀ ਅਗਵਾਈ ਵਿਚ ਕੀਤੇ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਹੀ ਸਾਊਦੀ ਦੇ ਸੂਚਨਾ ਮੰਤਰਾਲੇ ਨੇ ਕਿਹਾ ਸੀ ਕਿ, 'ਔਰਤਾਂ ਜਿਸ ਫੁੱਟਬਾਲ ਮੈਚ ਨੂੰ ਪਹਿਲੀ ਵਾਰ ਸਟੇਡੀਅਮ ਵਿਚ ਦੇਖਣਗੀਆਂ, ਉਹ ਅਲ-ਅਹਲੀ ਅਤੇ ਅਲ ਬਾਤਿਨ ਵਿਚਕਾਰ ਹੋਵੇਗਾ। ਇਸ ਤੋਂ ਬਾਅਦ ਔਰਤਾਂ 13 ਜਨਵਰੀ ਅਤੇ ਫਿਰ 18 ਜਨਵਰੀ ਨੂੰ ਵੀ ਸਟੇਡੀਅਮ ਵਿਚ ਮੈਚ ਦੇਖ ਸਕਣਗੀਆਂ।' ਇਨ੍ਹਾਂ ਵਿਚੋਂ ਪਹਿਲਾ ਮੈਚ ਰਿਆਦ, ਦੂਜਾ ਜੇਦਾਹ, ਅਤੇ ਤੀਜਾ ਦੱਮਾਮ ਵਿਚ ਖੇਡਿਆ ਜਾਵੇਗਾ।
ਜੇਦਾਹ ਦੇ ਸਟੇਡੀਅਮ ਵਿਚ ਮਹਿਲਾ ਪ੍ਰਸ਼ੰਸਕਾਂ ਦੇ ਸਵਾਗਤ ਲਈ ਮਹਿਲਾ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਮਹਿਲਾ ਪ੍ਰਸ਼ੰਸਕਾਂ ਅਤੇ ਕਰਮਚਾਰੀਆਂ ਨੇ ਰਵਾਇਤੀ ਪਹਿਰਾਵਾ ਅਬਾਯਾ ਪਾਇਆ ਹੋਇਆ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਜੋ ਹੈਸ਼ਟੈਗ ਚੱਲਿਆ ਉਸ ਦਾ ਅਰਥ ਸੀ, 'ਲੋਕ ਸਟੇਡੀਅਮਾਂ ਵਿਚ ਔਰਤਾਂ ਦੇ ਪ੍ਰਵੇਸ਼ ਦਾ ਸਵਾਗਤ ਕਰਦੇ ਹਨ।'