ਫਿਲੀਪੀਨਜ਼ 'ਚ ਭਾਰੀ ਮੀਂਹ ਨਾਲ 'ਹੜ੍ਹ' ਦੀ ਸਥਿਤੀ, ਹਜ਼ਾਰਾਂ ਲੋਕ ਕੱਢੇ ਗਏ ਸੁਰੱਖਿਅਤ

07/25/2021 11:10:08 AM

ਮਨੀਲਾ (ਭਾਸ਼ਾ): ਫਿਲੀਪੀਨਜ਼ ਵਿਚ ਮਾਨਸੂਨ ਕਾਰਨ ਕਈ ਦਿਨਾਂ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਸ਼ਨੀਵਾਰ ਨੂੰ ਕਈ ਥਾਂਵਾਂ 'ਤੇ ਹੜ੍ਹ ਆ ਗਿਆ ਅਤੇ ਘੱਟੋ-ਘੱਟ ਇਕ ਪੇਂਡੂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਮੁਹਿੰਮ ਦੌਰਾਨ ਉਹਨਾਂ ਨੂੰ ਵਿਸਥਾਪਿਤ ਨਾਗਰਿਕਾਂ ਵਿਚ ਸਮਾਜਿਕ ਦੂਰੀ ਦਾ ਪਾਲਣ ਯਕੀਨੀ ਕਰਨ ਅਤੇ ਬਚਾਅ ਕੈਂਪਾਂ ਨੂੰ ਕੋਵਿਡ-19 ਦਾ ਕੇਂਦਰ ਬਣਨ ਤੋਂ ਰੋਕਣ ਲਈ ਸੰਘਰਸ਼ ਕਰਨਾ ਪਿਆ। 

ਇਕ ਵੱਡੀ ਨਦੀ ਵਿਚ ਪਾਣੀ ਦਾ ਪੱਧਰ ਵੱਧ ਜਾਣ 'ਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਮਾਰਿਕਿਨਾ ਦੇ ਕਰੀਬ 15000 ਲੋਕਾਂ ਨੂੰ ਰਾਤ ਵਿਚ ਬਾਹਰ ਕੱਢਣਾ ਪਿਆ। ਮਾਰਿਕਿਨਾ ਦੇ ਮੇਅਰ ਮਾਰਸਿਲਿਨੋ ਟਿਓਹੋਰੋ ਨੇ ਦੇਸ਼ ਵਿਚ ਪਾਏ ਗਏ ਵਾਇਰਸ ਦੇ ਜ਼ਿਆਦਾ ਛੂਤਕਾਰੀ ਰੂਪ 'ਡੈਲਟਾ' ਦਾ ਜ਼ਿਕਰ ਕਰਦਿਆਂ ਕਿਹਾ,''ਜੇਕਰ ਹੜ੍ਹ ਦਾ ਕੋਈ ਸਥਾਈ ਹੱਲ ਨਾ ਨਿਕਲਿਆ ਤਾਂ ਡੈਲਟਾ ਵੈਰੀਐਂਟ ਦੇ ਖਤਰੇ ਦੇ ਮੱਦੇਨਜ਼ਰ ਹਾਲਾਤ ਬਹੁਤ ਮੁਸ਼ਕਲ ਹੋ ਜਾਣਗੇ।'' ਇਸ ਵਿਚਕਾਰ ਪੁਲਸ ਨੇ ਦੱਸਿਆ ਕਿ ਬਾਗੁਇਯੁ ਵਿਚ ਸ਼ੁੱਕਰਵਾਰ ਰਾਤ ਇਕ ਰੁੱਖ ਦੇ ਇਕ ਟੈਕਸੀ 'ਤੇ ਡਿੱਗ ਜਾਣ ਕਾਰਨ ਉਸ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਪਾਕਿਸਤਾਨ 'ਚ ਮਾਮਲੇ 10 ਲੱਖ ਦੇ ਪਾਰ

ਉੱਤਰੀ ਫਿਲੀਪੀਨਜ਼ ਵਿਚ ਕਈ ਦਿਨਾਂ ਤੋਂ ਜਾਰੀ ਭਾਰੀ ਮੀਂਹ ਕਾਰਨ ਹੇਠਲੇ ਪਿੰਡਾਂ ਵਿਚ ਪਾਣੀ ਭਰ ਗਿਆ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਤੂਫਾਨ 'ਇਨ-ਫਾ' ਕਾਰਨ ਦੇਸ਼ ਦੇ ਪੂਰਬੀ ਤੱਟ ਅਤੇ ਤਾਇਵਾਨ ਵਿਚ ਮੀਂਹ ਪਿਆ। ਇਹ ਤੂਫਾਨ ਹੁਣ ਚੀਨ ਵੱਲ ਵੱਧ ਗਿਆ ਹੈ। ਫਿਲੀਪੀਨਜ਼ ਦੇ ਅਲਬੇ ਸੂਬੇ ਤੇ ਪੀਓ ਡੁਰਾਨ ਵਿਚ ਇਕ ਬੰਦਰਗਾਹ ਨੇੜੇ ਸ਼ਨੀਵਾਰ ਨੂੰ ਤੇਜ਼ ਲਹਿਰਾਂ ਕਾਰਨ ਇਕ ਕਾਰਗੋ ਕਿਸ਼ਤੀ ਪਲਟ ਗਈ ਜਿਸ ਮਗਰੋਂ ਪੁਲਸ, ਦਮਕਲ ਕਰਮੀਆਂ ਅਤੇ ਪੇਂਡੂ ਲੋਕਾਂ ਨੇ ਇਸ ਦੇ ਚਾਲਕ ਦਲ ਦੇ 10 ਮੈਂਬਰਾਂ ਨੂੰ ਬਚਾ ਲਿਆ।

Vandana

This news is Content Editor Vandana