ਜਹਾਜ਼ 'ਚ ਯਾਤਰੀਆਂ ਦਾ ਖਾਣਾ ਚੱਖਣਾ ਏਅਰ ਹੋਸਟਸ ਨੂੰ ਪਿਆ ਭਾਰੀ, ਗਈ ਨੌਕਰੀ (ਵੀਡੀਓ)

12/11/2017 3:29:38 PM

ਬੀਜਿੰਗ(ਬਿਊਰੋ)— ਜੇਕਰ ਤੁਸੀਂ ਯਾਤਰਾ ਕਰ ਰਹੇ ਹੋ ਅਤੇ ਫਲਾਈਟ ਵਿਚ ਮਿਲਣ ਵਾਲੇ ਖਾਣੇ ਨੂੰ ਪਹਿਲਾਂ ਹੀ ਕਿਸੇ ਨੇ ਟੇਸਟ ਕਰ ਲਿਆ ਹੋਵੇ ਅਤੇ ਫਿਰ ਓਹੀ ਖਾਣਾ ਤੁਹਾਨੂੰ ਦਿੱਤਾ ਗਿਆ ਹੋਵੇ ਤਾਂ ਜ਼ਾਹਿਰ ਹੈ ਕਿ ਤੁਹਾਨੂੰ ਚੰਗਾ ਨਹੀਂ ਲੱਗੇਗਾ। ਕੁੱਝ ਅਜਿਹਾ ਹੀ ਚੀਨ ਵਿਚ ਓਰੂਮਕੀ ਏਅਰ ਦੀ ਏਅਰ ਹੋਸਟਸ ਨੇ ਕੀਤਾ। ਉਸ ਨੂੰ ਯਾਤਰੀਆਂ ਨੂੰ ਦਿੱਤੇ ਜਾਣ ਵਾਲੇ ਫੂਡ ਪੈਕਟਸ ਵਿਚੋਂ ਖਾਣਾ ਚੱਖਦੇ ਹੋਏ ਦੇਖਿਆ ਗਿਆ। ਉਸ ਏਅਰ ਹੋਸਟਸ ਦੀ ਇਕ ਸਹਿ ਕਰਮਚਾਰੀ ਨੇ ਹੀ ਇਹ ਵੀਡੀਓ ਬਣਾਈ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਏਅਰ ਹੋਸਟਸ ਨੂੰ ਮੁਅੱਤਲ ਕਰ ਦਿੱਤਾ ਗਿਆ।
ਉਤਰੀ ਪੱਛਮੀ ਚੀਨ ਵਿਚ ਯਿਨਚੁਆਨ ਸਿਟੀ ਵਿਚ ਜਹਾਜ਼ ਦੇ ਲੈਂਡ ਹੋਣ ਤੋਂ 45 ਮਿੰਟ ਪਹਿਲਾਂ ਇਹ ਵੀਡੀਓ ਲਿਆ ਗਿਆ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਏਅਰ ਹੋਸਟਸ ਨੂੰ ਪਤਾ ਨਹੀਂ ਸੀ ਕਿ ਉਸ ਦੀ ਇਸ ਹਰਕਤ ਨੂੰ ਕੋਈ ਰਿਕਾਰਡ ਕਰ ਰਿਹਾ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਫੂਡ ਪੈਕਟਸ ਇਕ ਲਾਈਨ ਵਿਚ ਉਸ ਏਅਰ ਹੋਸਟਸ ਦੇ ਸਾਹਮਣੇ ਖੁੱਲ੍ਹੇ ਰੱਖੇ ਹੋਏ ਹਨ ਅਤੇ ਉਨ੍ਹਾਂ ਵਿਚੋਂ ਇਕ ਪੈਕਟ ਵਿਚੋਂ ਖਾਣਾ ਚੱਖਦੇ ਹੋਏ ਏਅਰ ਹੋਸਟਸ ਕੈਮਰੇ ਵਿਚ ਕੈਦ ਹੋ ਗਈ। ਸੋਸ਼ਲ ਮੀਡੀਆ 'ਤੇ ਜਿਵੇਂ ਹੀ ਇਹ ਵੀਡੀਓ ਆਈ ਲੋਕਾਂ ਨੇ ਇਸ ਜਹਾਜ਼ ਦੇ ਹਾਈਜੀਨ ਸਟੈਂਡਰਡ 'ਤੇ ਵੀ ਸਵਾਲ ਚੁੱਕੇ।
ਏਅਰਲਾਈਨ ਨੇ ਰਸਮੀ ਬਿਆਨ ਦਿੰਦੇ ਹੋਏ ਕਿਹਾ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਫਲਾਇਟ ਅਟੈਂਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੰਪਨੀ ਨੇ ਆਪਣੇ ਬਿਆਨ ਵਿਚ ਇਹ ਵੀ ਦਾਅਵਾ ਕੀਤਾ ਕਿ ਅਟੈਂਡੈਂਟ ਜੋ ਖਾ ਰਹੀ ਹੈ, ਉਹ ਬਚਿਆ ਹੋਇਆ ਖਾਣਾ ਹੈ ਅਤੇ ਕਿਸੇ ਯਾਤਰੀ ਨੂੰ ਨਹੀਂ ਦਿੱਤਾ ਗਿਆ। ਇਹ ਵੀ ਕਿਹਾ ਕਿ ਅਟੈਂਡੈਂਟ ਨੇ ਕੰਪਨੀ ਦੀ ਪਾਲਿਸੀ ਨੂੰ ਤੋੜਿਆ ਹੈ, ਜਿਸ ਵਿਚ ਉਹ ਬਚੇ ਹੋਏ ਖਾਣੇ ਨੂੰ ਡਿਸਪੋਜ਼ ਕਰਨਾ ਸ਼ਾਮਲ ਹੈ। ਏਅਰਲਾਈਨ ਨੇ ਇਸ ਘਟਨਾ ਲਈ ਮੁਆਫੀ ਮੰਗੀ ਹੈ ਅਤੇ ਪੂਰੀ ਜਾਂਚ ਕਰਨ ਦੀ ਗੱਲ ਕਹੀ ਹੈ।