ਵਧ ਮਾਤਰਾ ''ਚ ਮੈਥਾਡੋਨ ਖਾਣ ਨਾਲ ਸਿਡਨੀ ''ਚ ਪੰਜ ਸਾਲਾ ਬੱਚੀ ਦੀ ਹੋਈ ਮੌਤ

01/24/2017 2:24:37 PM

ਸਿਡਨੀ— ਵਧੇਰੇ ਮਾਤਰਾ ''ਚ ਮੈਥਾਡੋਨ (ਇੱਕ ਡਰੱਗ) ਖਾਣ ਨਾਲ ਸਿਡਨੀ ''ਚ ਇੱਕ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਬੱਚੀ ਦੀ ਮੌਤ ਐਤਵਾਰ ਨੂੰ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੀ 17 ਜਨਵਰੀ ਨੂੰ ਸਿਡਨੀ ਦੇ ਪੱਛਮੀ ਇਲਾਕੇ ਕੁਏਕਅਰ ਹਿੱਲ ਵਿਖੇ ਸਥਿਤ ਘਰ ''ਚ ਬੱਚੀ ਨੂੰ ਉਸ ਦੀ ਦਾਦੀ ਨੇ ਬੇਹੋਸ਼ ਹਾਲਤ ''ਚ ਦੇਖਿਆ ਸੀ। ਉਸ ਨੂੰ ਸਾਹ ਲੈਣ ''ਚ ਤਕਲੀਫ ਹੋ ਰਹੀ ਸੀ। ਇਸ ਪਿੱਛੋਂ ਉਸ ਨੇ ਸੰਕਟਕਾਲੀ ਅਮਲੇ ਦੇ ਮੈਂਬਰਾਂ ਨੂੰ ਆਪਣੇ ਘਰ ਬੁਲਾਇਆ, ਜਿਹੜੇ ਕਿ ਉਸ ਨੂੰ ਵੈਸਟਮੀਡ ਚਿਲਡਰਨ ਹਸਪਤਾਲ ਲੈ ਗਏ। ਇੱਥੇ ਕਈ ਦਿਨਾਂ ਤੱਕ ਉਸ ਦਾ ਇਲਾਜ ਚੱਲਿਆ ਅਤੇ ਅਖੀਰ ਐਤਵਾਰ ਨੂੰ ਉਸ ਨੇ ਦਮ ਤੋੜ ਦਿੱਤਾ।
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਬੱਚੀ ਦੀ ਮੌਤ ਦਾ ਅਸਲੀ ਕਾਰਨ ਮੈਥਡੋਨ ਨੂੰ ਵਧ ਮਾਤਰਾ ''ਚ ਖਾਣਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚਕਰਤਾਵਾਂ ਨੇ ਬੱਚੀ ਦੇ ਘਰ ''ਚੋਂ ਮੈਥਾਡੋਨ ਨੂੰ ਬਰਾਮਦ ਵੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮੈਥਾਡੋਨ ਇੱਕ ਅਜਿਹਾ ਡਰੱਗ ਹੈ, ਜਿਸ ਦੀ ਵਰਤੋਂ ਹੈਰੋਇਨ ਦੇ ਆਦੀ ਲੋਕਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ।