ਪੰਜ ਸਾਲਾ ਲੜਕੇ ਨੇ ਬਚਾਈ ਆਪਣੀ ਦਾਦੀ ਦੀ ਜਾਨ, ਕੀਤਾ ਗਿਆ ਸਨਮਾਨਿਤ

11/20/2017 3:27:41 PM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਮੈਲਬੌਰਨ ਵਿਚ ਇਕ ਪੰਜ ਸਾਲਾ ਲੜਕੇ ਨੂੰ ਆਪਣੀ ਦਾਦੀ ਦੀ ਜਾਨ ਬਚਾਉਣ ਲਈ ਸਨਮਾਨਿਤ ਕੀਤਾ ਗਿਆ। ਉਸ ਨੂੰ ਇਹ ਸਨਮਾਨ ਵਿਕਟੋਰੀਆ ਦੇ ਸੰਸਦ ਭਵਨ ਵਿਚ ਕੁਈਨਜ਼ ਹਾਲ ਵਿਖੇ ਦਿੱਤਾ ਗਿਆ। 


ਅਸਲ ਵਿਚ ਇਕ ਸਾਲ ਪਹਿਲਾਂ ਅੱਜ ਦੇ ਦਿਨ ਜੇਮਜ਼ ਟੌਂਕਸ ਆਪਣੀ ਦਾਦੀ ਨਾਲ ਜਿਪਸਲੈਂਡ ਤੋਂ ਬਾਈਕ 'ਤੇ ਸਵਾਰੀ ਕਰ ਰਿਹਾ ਸੀ। ਜਦੋਂ ਉਹ ਦੋਵੇਂ ਝਾੜੀਆਂ ਨੇੜਿਓਂ ਲੰਘ ਰਹੇ ਸਨ ਤਾਂ ਉਨ੍ਹਾਂ ਦੀ ਬਾਈਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਉਹ ਦੋਵੇਂ ਡਿੱਗ ਪਏ। ਡਿੱਗਣ ਕਾਰਨ ਜੇਮਜ਼ ਦੀ ਦਾਦੀ ਮੈਰੀਕੇ ਵਾਨ ਡੂਏ (65) ਦੇ ਸਿਰ ਦੇ ਸੱਜੇ ਪਾਸੇ ਗੰਭੀਰ ਸੱਟ ਲੱਗੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਉਨ੍ਹਾਂ ਦੇ ਸਿਰ ਵਿਚੋਂ ਖੂਨ ਵੱਗ ਰਿਹਾ ਸੀ। ਇਸ ਸਥਿਤੀ ਵਿਚ ਵੀ ਜੇਮਜ਼ ਘਬਰਾਇਆ ਨਹੀਂ ਅਤੇ ਉਸ ਨੇ ਹਿੰਮਤ ਨਾਲ ਕੰਮ ਲਿਆ। ਉਸ ਨੇ ਆਪਣੀ ਦਾਦੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਹ ਇਕੱਲਾ ਕੁਝ ਨਹੀਂ ਕਰ ਸਕਦਾ ਸੀ। ਇਸ ਲਈ ਉਹ ਹੋਰ ਲੋਕਾਂ ਤੋਂ ਮਦਦ ਲੈਣ ਲਈ ਦੌੜਿਆ। ਉਸ ਨੇ ਇਕ ਵਿਅਕਤੀ ਤੋਂ ਮਦਦ ਮੰਗੀ ਅਤੇ ਉਸ ਨੂੰ ਦੱਸਿਆ ਕਿ ਉਸ ਦੀ ਦਾਦੀ ਬੇਹੋਸ਼ ਹੋ ਗਈ ਹੈ ਅਤੇ ਉਸ ਦੇ ਸਿਰ ਵਿਚੋਂ ਖੂਨ ਵੱਗ ਰਿਹਾ ਹੈ। ਵਿਅਕਤੀ ਨੇ ਤੁਰੰਤ ਪੈਰਾ ਮੈਡੀਕਲ ਅਧਿਕਾਰੀਆਂ ਨੂੰ ਹਾਦਸੇ ਦੀ ਸੂਚਨਾ ਦਿੱਤੀ। ਇਸ ਮਗਰੋਂ ਪੈਰਾ ਮੈਡੀਕਲ ਅਧਿਕਾਰੀ ਜਲਦੀ ਨਾਲ ਹਾਦਸੇ ਵਾਲੀ ਜਗ੍ਹਾ 'ਤੇ ਪੁੱਜੇ। ਉਨ੍ਹਾਂ ਨੇ ਜੇਮਜ਼ ਦੀ ਦਾਦੀ ਨੂੰ ਬੈਰਨਸਡੇਲ ਹਸਪਤਾਲ ਪਹੁੰਚਾਇਆ। ਸਮੇਂ 'ਤੇ ਹਸਪਤਾਲ ਪਹੁੰਚਣ ਕਾਰਨ ਦਾਦੀ ਦੀ ਜਾਨ ਬਚ ਗਈ। ਐਂਬੂਲੈਂਸ ਵਿਚ ਜਾਣ ਤੋਂ ਪਹਿਲਾਂ ਦਾਦੀ ਨੇ ਜੇਮਜ਼ ਨੂੰ ਪਿਆਰ ਕੀਤਾ ਸੀ ਅਤੇ ਕਿਹਾ ਸੀ ਕਿ ਤੂੰ ਮੇਰਾ ਹੀਰੋ ਹੈ। 


ਜੇਮਜ਼ ਦੇ ਨਾਲ 13 ਹੋਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਬੱਚਿਆਂ ਵਿਚ ਰਿਚਮੰਡ ਭੈਣਾਂ ਐਨਾਬੇਲੇ ਅਤੇ ਸੋਫੀ ਮੈਥਿਊਜ਼ ਵੀ ਸਨ।