ਚੀਨ ''ਚ ਕੋਰੋਨਾ ਵਾਇਰਸ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ

06/06/2020 3:06:26 PM

ਬੀਜਿੰਗ- ਚੀਨ ਵਿਚ ਕੋਰੋਨਾ ਵਾਇਰਸ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਤਿੰਨ ਬਾਹਰੋਂ ਹਨ। ਇਨ੍ਹਾਂ ਨਵੇਂ ਮਾਮਲਿਆਂ ਨਾਲ ਦੇਸ਼ ਵਿਚ ਕੋਵਿਡ -19 ਦੀ ਲਪੇਟ ਵਿਚ ਆਏ ਮਰੀਜ਼ਾਂ ਦੀ ਕੁੱਲ ਗਿਣਤੀ 83,030 ਹੋ ਗਈ ਹੈ। 

ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ. ਐੱਚ. ਸੀ.) ਮੁਤਾਬਕ, ਸ਼ੁੱਕਰਵਾਰ ਨੂੰ ਗੁਆਂਗਦੋਂਗ ਸੂਬੇ ਵਿੱਚ ਤਿੰਨ ਮਾਮਲੇ ਸਾਹਮਣੇ ਆਏ, ਜੋ ਬਾਹਰੋਂ ਹਨ, ਜਦੋਂ ਕਿ ਦੋ ਮਾਮਲੇ ਬਿਨਾਂ ਲੱਛਣਾਂ ਦੇ ਹਨ। ਬਿਨਾਂ ਲੱਛਣਾਂ ਦੇ ਇਨ੍ਹਾਂ ਦੋ ਨਵੇਂ ਮਾਮਲਿਆਂ ਨਾਲ, ਅਜਿਹੇ ਮਾਮਲਿਆਂ ਦੀ ਕੁੱਲ ਗਿਣਤੀ 257 ਹੋ ਗਈ, ਜਿਨ੍ਹਾਂ ਵਿਚੋਂ 177 ਵੂਹਾਨ ਵਿਚ ਸਾਹਮਣੇ ਆਏ ਹਨ, ਜੋ ਅਜੇ ਵੀ ਡਾਕਟਰੀ ਨਿਗਰਾਨੀ ਅਧੀਨ ਹਨ। 

ਵੂਹਾਨ ਇਸ ਮਹਾਂਮਾਰੀ ਦਾ ਪਹਿਲਾ ਕੇਂਦਰ ਰਿਹਾ ਹੈ। ਕੋਈ ਲੱਛਣ ਨਾ ਹੋਣ ਦੀ ਸਥਿਤੀ ਵਿਚ, ਮਰੀਜ਼ ਕੋਵਿਡ -19 ਪਾਜ਼ੀਟਿਵ ਪਾਏ ਜਾਂਦੇ ਹਨ ਪਰ ਉਨ੍ਹਾਂ ਵਿਚ ਬੁਖਾਰ, ਖੰਘ ਜਾਂ ਗਲੇ ਦੇ ਦਰਦ ਵਰਗੇ ਲੱਛਣ ਨਹੀਂ ਹੁੰਦੇ। ਉਨ੍ਹਾਂ ਕਾਰਨ ਦੂਜਿਆਂ ਤੱਕ ਬੀਮਾਰੀ ਫੈਲਣ ਦਾ ਖ਼ਤਰਾ ਹੁੰਦਾ ਹੈ। ਸ਼ੁੱਕਰਵਾਰ ਤੱਕ, ਚੀਨ ਵਿਚ ਕੁੱਲ ਪੁਸ਼ਟੀ ਹੋਏ ਮਾਮਲੇ 83,030 ਤੱਕ ਪਹੁੰਚੇ, ਜਿਨ੍ਹਾਂ ਵਿਚੋਂ 67 ਮਰੀਜ਼ ਅਜੇ ਵੀ ਇਲਾਜ ਅਧੀਨ ਹਨ ਅਤੇ 78,329 ਬੀਮਾਰੀ ਤੋਂ ਠੀਕ ਹੋ ਚੁੱਕੇ ਹਨ, ਜਦੋਂ ਕਿ ਇਸ ਬੀਮਾਰੀ ਕਾਰਨ 4,634 ਦੀ ਮੌਤ ਹੋ ਗਈ ਹੈ।


Lalita Mam

Content Editor

Related News