ਸਪੇਨ 'ਚ ਹੜ੍ਹ ਕਾਰਨ 5 ਲੋਕਾਂ ਦੀ ਮੌਤ

09/14/2019 3:27:58 PM

ਵੈਲੈਂਸੀਆ—ਸਪੇਨ 'ਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ ਹੈ ਤੇ ਹੁਣ ਤਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਖਣੀ-ਪੂਰਬੀ ਇਲਾਕੇ 'ਚ ਨਦੀਆਂ ਦਾ ਪਾਣੀ ਉਫਾਨ 'ਤੇ ਹੈ। ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ ਤੇ ਲੋਕਾਂ ਦਾ ਇੱਥੋਂ ਲੰਘਣਾ ਬਹੁਤ ਮੁਸ਼ਕਲ ਹੈ। ਹੜ੍ਹ ਕਾਰਨ ਦੋ ਇਲਾਕਿਆਂ 'ਚ ਹਵਾਈ ਅੱਡੇ ਬੰਦ ਕਰਨੇ ਪਏ।
ਪੁਲਸ ਨੇ ਦੱਸਿਆ ਕਿ ਅਲਮੀਰੀਆ 'ਚ ਸ਼ੁੱਕਰਵਾਰ ਸਵੇਰੇ ਇਕ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਕਾਰ ਇਕ ਸੁਰੰਗ ਕੋਲ ਪੁੱਜ ਕੇ ਹੜ੍ਹ 'ਚ ਫਸ ਗਈ ਸੀ। ਸ਼ਹਿਰ ਦੇ ਮੇਅਰ ਰੈਮਨ ਫਰੈਂਨਡੇਜ਼ ਪਾਚੋਕੋ ਨੇ ਦੱਸਿਆ ਕਿ ਪੁਲਸ ਵਲੋਂ ਦੋ ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਹਨ 'ਚ 3 ਵਿਅਕਤੀ ਫਸੇ ਸਨ, ਜਿਨ੍ਹਾਂ 'ਚੋਂ ਦੋ ਨੂੰ ਬਚਾ ਲਿਆ ਗਿਆ। ਇਕ ਹੋਰ ਵਿਅਕਤੀ ਘਰੋਂ ਪੈਦਲ ਨਿਕਲਿਆ ਸੀ ਤੇ ਲਾਪਤਾ ਦੱਸਿਆ ਜਾ ਰਿਹਾ ਸੀ ਜਿਸ ਦੀ ਲਾਸ਼ ਬਚਾਅ ਅਧਿਕਾਰੀਆਂ ਨੂੰ ਮਿਲੀ ਹੈ।

ਵੀਰਵਾਰ ਨੂੰ 51 ਸਾਲਾ ਔਰਤ ਤੇ 61 ਸਾਲਾ ਉਸ ਦਾ ਭਰਾ ਕਾਰ 'ਚੋਂ ਮ੍ਰਿਤਕ ਮਿਲੇ। ਸਪੇਨ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹਨ । ਉਨ੍ਹਾਂ ਕਿਹਾ ਕਿ ਅਜੇ ਵੀ ਕੁਝ ਇਲਾਕਿਆਂ 'ਚ ਸਥਿਤੀ ਖਰਾਬ ਹੈ ਤੇ ਇੱਥੇ ਅਲਰਟ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਅਲਮੇਪੀਆਸ ਮੁਰਕੀਆ, ਇਬੀਜ਼ ਤੇ ਕੁੱਝ ਹੋਰ ਇਲਾਕਿਆਂ 'ਚ ਔਰੈਂਜ ਅਲਰਟ ਜਾਰੀ ਕੀਤਾ ਗਿਆ ਸੀ। ਲੋਕਾਂ ਨੂੰ ਅਲਰਟ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸਮੱਸਿਆ ਹੋਵੇ ਤਾਂ ਉਹ ਬਚਾਅ ਕਰਮਚਾਰੀਆਂ ਨੂੰ ਫੋਨ ਕਰ ਲੈਣ। ਲੋਕਾਂ ਵਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਤੇ ਵੀਡੀਓਜ਼ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਗਲੀਆਂ ਤੇ ਸੜਕਾਂ ਚਿੱਕੜ ਵਾਲੇ ਪਾਣੀ ਨਾਲ ਭਰੀਆਂ ਹਨ।