ਕੋਰੋਨਾ ਵੈਕਸੀਨ ਦਾ 14 ਲੋਕਾਂ ''ਤੇ ਟ੍ਰਾਇਲ ਸਫਲ, ਨਤੀਜੇ ਬੇਹੱਦ ਸਾਕਾਰਾਤਮਕ

04/04/2020 4:32:34 PM

ਬੀਜਿੰਗ- ਕੋਰੋਨਾਵਾਇਰਸ ਤੋਂ ਪਰੇਸ਼ਾਨ ਚੀਨ ਨੇ 17 ਮਾਰਚ ਨੂੰ ਕੋਰੋਨਾਵਾਇਰਸ ਦੇ ਲਈ ਬਣਾਈ ਗਈ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕੀਤਾ ਸੀ। ਮਤਲਬ ਇਸ ਦਾ ਟੈਸਟ ਇਨਸਾਨਾਂ 'ਤੇ ਸ਼ੁਰੂ ਕੀਤਾ ਗਿਆ ਸੀ। ਹੁਣ ਇਸ ਟੈਸਟ ਦੇ ਬੇਹੱਦ ਪਾਜ਼ੀਟਿਵ ਨਤੀਜੇ ਸਾਹਮਣੇ ਆ ਰਹੇ ਹਨ।

ਚੀਨ ਨੇ ਇਸ ਕਲੀਨਿਕਲ ਟ੍ਰਾਇਲ ਦੇ ਲਈ ਕੁੱਲ 108 ਲੋਕਾਂ ਨੂੰ ਚੁਣਿਆ ਸੀ, ਜੋ ਬਤੌਰ ਵਲੰਟੀਅਰ ਆਏ ਸਨ। ਉਹਨਾਂ ਵਿਚੋਂ 14 ਨੇ ਵੈਕਸੀਨ ਦੇ ਟੈਸਟ ਦੀ ਮਿਆਦ ਪੂਰੀ ਕਰ ਲਈ ਹੈ। 14 ਦਿਨਾਂ ਤੱਕ ਕੁਆਰੰਟੀਨ ਵਿਚ ਰਹਿਣ ਤੋਂ ਬਾਅਦ ਹੁਣ ਉਹਨਾਂ ਨੂੰ ਆਪਣੇ-ਆਪਣੇ ਘਰ ਭੇਜ ਦਿੱਤੇ ਗਏ ਹਨ। ਇਹ ਸਾਰੇ ਟੈਸਟ ਚੀਨ ਦੇ ਵੁਹਾਨ ਸ਼ਹਿਰ ਵਿਚ ਸ਼ੁਰੂ ਕੀਤੇ ਗਏ ਸਨ। ਵੈਕਸੀਨ ਦੇ ਟੈਸਟ ਤੋਂ ਬਾਅਦ ਦੇਖਿਆ ਗਿਆ ਕਿ ਜਿਹਨਾਂ 14 ਲੋਕਾਂ ਨੂੰ ਘਰ ਭੇਜਿਆ ਗਿਆ ਹੈ, ਉਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਤੇ ਸਿਹਤਮੰਦ ਹਨ। ਨਾਲ ਹੀ ਉਹਨਾਂ ਨੂੰ ਮੈਡੀਕਲ ਨਿਗਰਾਨੀ ਵਿਚ ਰੱਖਿਆ ਗਿਆ ਹੈ।

ਇਸ ਵੈਕਸੀਨ ਨੂੰ ਚੀਨ ਵਿਚ ਸਭ ਤੋਂ ਵੱਡੀ ਬਾਇਓ-ਵਾਰਫੇਅਰ ਸਾਈਂਟਿਸਟ ਚੇਨ ਵੀ ਤੇ ਉਹਨਾਂ ਦੀ ਟੀਮ ਨੇ ਬਣਾਇਆ ਹੈ। ਜਿਹਨਾਂ 108 ਲੋਕਾਂ 'ਤੇ ਟੈਸਟ ਕੀਤਾ ਜਾ ਰਿਹਾ ਸੀ, ਇਹ ਸਾਰੇ ਲੋਕ 18 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਦੇ ਵਿਚਾਲੇ ਦੇ ਲੋਕ ਸਨ। ਇਹਨਾਂ ਸਾਰੇ ਲੋਕਾਂ ਨੂੰ ਤਿੰਨ ਸਮੂਹਾਂ ਵਿਚ ਵੰਡਿਆ ਗਿਆ ਸੀ। ਤਿੰਨਾਂ ਸਮੂਹਾਂ ਦੇ ਲੋਕਾਂ ਨੂੰ ਵੈਕਸੀਨ ਦੀ ਵੱਖ-ਵੱਖ ਮਾਤਰਾ ਦਿੱਤੀ ਗਈ ਸੀ। ਇਹਨਾਂ ਸਾਰਿਆਂ ਨੂੰ ਵੁਹਾਨ ਸਪੈਸ਼ਲ ਸਰਵਿਸ ਹੈਲਥ ਸੈਂਟਰ ਵਿਚ ਕੁਆਰੰਟੀਨ ਕੀਤਾ ਗਿਆ ਹੈ।

ਇਹਨਾਂ ਸਾਰਿਆਂ ਨੂੰ ਵੱਖ-ਵੱਖ ਦਿਨ ਵੈਕਸੀਨ ਦਿੱਤੀ ਗਈ ਸੀ, ਇਸ ਲਈ ਸਾਰੇ ਲੋਕਾਂ ਨੂੰ ਕੁਆਰੰਟੀਨ ਮਿਆਦ ਪੂਰੀ ਹੋਣ ਤੱਕ ਉਥੇ ਹੀ ਰਹਿਣਾ ਹੋਵੇਗਾ। ਮਤਲਬ ਇਹ ਸਾਰੇ ਲੋਕ ਅਗਲੇ ਕੁਝ ਹਫਤਿਆਂ ਵਿਚ ਆਪਣੇ ਘਰ ਜਾ ਸਕਣਗੇ। ਜਿਹਨਾਂ 14 ਲੋਕਾਂ ਨੂੰ ਘਰ ਭੇਜਿਆ ਗਿਆ ਹੈ ਉਹਨਾਂ ਨੂੰ 6 ਮਹੀਨੇ ਲਈ ਮੈਡੀਕਲ ਨਿਗਰਾਨੀ ਵਿਚ ਰੱਖਿਆ ਜਾਵੇਗਾ। ਹਰ ਦਿਨ ਉਹਨਾਂ ਦਾ ਮੈਡੀਕਲ ਟੈਸਟ ਹੋਵੇਗਾ। ਇਹਨਾਂ 6 ਮਹੀਨਿਆਂ ਵਿਚ ਇਹ ਦੇਖਿਆ ਜਾਵੇਗਾ ਕਿ ਜੇਕਰ ਉਹਨਾਂ ਨੂੰ ਕੋਰੋਨਾਵਾਇਰਸ ਦਾ ਇਨਫੈਕਸ਼ਨ ਹੁੰਦਾ ਹੈ ਤਾਂ ਉਹਨਾਂ ਦਾ ਸਰੀਰ ਇਸ 'ਤੇ ਕਿਵੇਂ ਪ੍ਰਤੀਕਿਰਿਆ ਕਰਦਾ ਹੈ।

ਜਿਵੇਂ ਹੀ ਉਹਨਾਂ ਦੇ ਸਰੀਰ ਵਿਚ ਕੋਰੋਨਾਵਾਇਰਸ ਨਾਲ ਲੜਨ ਦੀ ਸਮਰਥਾ ਵਿਕਸਿਤ ਹੋ ਜਾਵੇਗੀ ਮਤਲਬ ਉਹਨਾਂ ਦੇ ਸਰੀਰ ਵਿਚ ਐਂਟੀਬਾਡੀਜ਼ ਬਣ ਜਾਣਗੇ ਉਹਨਾਂ ਦੇ ਖੂਨ ਦਾ ਸੈਂਪਲ ਲੈ ਕੇ ਵੈਕਸੀਨ ਨੂੰ ਬਾਜ਼ਾਰ ਵਿਚ ਲਿਆਂਦਾ ਜਾਵੇਗਾ। ਚੇਨ ਵੀ ਨੇ ਦੱਸਿਆ ਕਿ ਸਾਡਾ ਪਹਿਲਾ ਟ੍ਰਾਇਲ ਸਫਲ ਰਿਹਾ ਹੈ। ਸਾਨੂੰ ਜਿਵੇਂ ਹੀ ਇਸ ਦੀ ਤਾਕਤ ਦਾ ਪਤਾ ਲੱਗਦਾ ਹੈ, ਅਸੀਂ ਇਸ ਦਾ ਅੰਤਰਰਾਸ਼ਟਰੀ ਪੱਧਰ 'ਤੇ ਸਮਝੌਤਾ ਕਰਕੇ ਦੁਨੀਆ ਭਰ ਨੂੰ ਇਹ ਦਵਾਈ ਦੇਵਾਂਗੇ। ਅਸੀਂ ਚਾਹੁੰਦੇ ਹਾਂ ਕਿ ਕੋਰੋਨਾਵਾਇਰਸ ਦਾ ਇਲਾਜ ਪੂਰੀ ਦੁਨੀਆ ਤੱਕ ਪਹੁੰਚੇ।

Baljit Singh

This news is Content Editor Baljit Singh