ਅਮਰੀਕਾ ''ਚ ਪਹਿਲਾ ਪਾਲਤੂ ਕੁੱਤਾ ਕੋਰੋਨਾ ਦੀ ਲਪੇਟ ''ਚ, ਖੋਜਕਾਰਾਂ ਦੀ ਵਧੀ ਟੈਂਸ਼ਨ

04/29/2020 6:53:53 PM

ਵਾਸ਼ਿੰਗਟਨ - ਕੋਰੋਨਾਵਾਇਰਸ ਦਾ ਕਹਿਰ ਜਾਨਵਰਾਂ 'ਤੇ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿਚ ਇਕ ਪਾਲਤੂ ਕੁੱਤਾ ਵੀ ਕੋਰੋਨਾ ਦੀ ਲਪੇਟ ਵਿਚ ਆ ਗਿਆ ਹੈ। ਖੋਜਕਾਰਾਂ ਮੁਤਾਬਕ ਇਹ ਅਮਰੀਕਾ ਦਾ ਪਹਿਲਾ ਪਾਲਤੂ ਕੁੱਤਾ ਹੋ ਸਕਦਾ ਹੈ ਜਿਹੜਾ ਵਾਇਰਸ ਤੋਂ ਪ੍ਰਭਾਵਿਤ ਹੈ। ਇਹ ਕੁੱਤਾ ਮੈਕੱਲੇਨ ਪਰਿਵਾਰ ਦਾ ਮੈਂਬਰ ਹੈ। ਇਸ ਪਰਿਵਾਰ ਦੇ 3 ਮੈਂਬਰ ਸੈਮ ਮੈਕੱਲੇਨ, ਪਤਨੀ ਹੀਥਰ ਅਤੇ ਉਨ੍ਹਾਂ ਦੇ ਪੁੱਤਰ ਬੇਨ ਨੇ ਪਿਛਲੇ ਮਹੀਨੇ ਹੀ ਕੋਰੋਨਾਵਾਇਰਸ ਦੇ ਅਧਿਐਨ ਵਿਚ ਹਿੱਸਾ ਲਿਆ ਸੀ।

ਪਰਿਵਾਰ ਨੇ ਜਦ ਆਪਣੇ ਕੁੱਤੇ ਵਿੰਸਟਨ ਦਾ ਟੈਸਟ ਕਰਵਾਇਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ। ਜ਼ਿਕਰਯੋਗ ਹੈ ਕਿ ਇਸ ਪਰਿਵਾਰ ਨੇ ਕੋਰੋਨਾਵਾਇਰਸ ਦੇ ਬਾਰੇ ਇਕ ਅਧਿਐਨ ਵਿਚ ਹਿੱਸਾ ਲਿਆ, ਜਿਸ ਦਾ ਉਦੇਸ਼ ਸੰਭਾਵਿਤ ਇਲਾਜ ਅਤੇ ਟੀਕੇ ਲਗਾਉਣ ਦੀ ਕੋਸ਼ਿਸ਼ ਕਰਨਾ ਸੀ। ਅਧਿਐਨ ਲਈ ਪਰਿਵਾਰ ਦੇ ਮੈਂਬਰਾਂ ਵੱਲੋਂ ਖੂਨ ਦੇ ਨਮੂਨੇ ਦਿੱਤੇ ਜਾ ਰਹੇ ਸਨ। ਪਾਲਤੂ ਕੁੱਤੇ ਨੂੰ ਵਾਇਰਸ ਤੋਂ ਪ੍ਰਭਾਵਿਤ ਪਾਏ ਜਾਣ ਤੋਂ ਬਾਅਦ ਖੋਜਕਾਰਾਂ ਦੀ ਚਿੰਤਾ ਵਧ ਗਈ ਹੈ। ਅਧਿਐਨ ਦੇ ਮੁੱਖ ਜਾਂਚ ਕਰਤਾ ਕਿ੍ਰਸ ਵੁੱਡਸ ਨੇ ਆਖਿਆ ਕਿ, ਖੋਜਕਾਰ ਪਰਿਵਾਰ ਦੇ ਪਾਲਤੂ ਜਾਨਵਰਾਂ ਦੇ ਨਮੂਨੇ ਵੀ ਦੇਖ ਰਹੇ ਹਨ ਕਿ ਘਰਾਂ ਵਿਚ ਕੋਰੋਨਾਵਾਇਰਸ ਕਿਵੇਂ ਫੈਲਦਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਨਿਊਯਾਰਕ ਵਿਚ 2 ਪਾਲਤੂ ਬਿੱਲੀਆਂ ਅਤੇ ਹਾਂਗਕਾਂਗ ਵਿਚ ਇਕ ਪਾਲਤੂ ਕੁੱਤੇ ਨੂੰ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਇਆ ਗਿਆ ਸੀ। ਹਾਂਗਕਾਂਗ ਵਿਚ ਕੁੱਤੇ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 14 ਦਿਨ ਹਸਪਤਾਲ ਵਿਚ ਆਈਸੋਲੇਸ਼ਨ ਵਿਚ ਰੱਖਿਆ ਗਿਆ ਪਰ ਠੀਕ ਹੋ ਕੇ ਘਰ ਵਾਪਸ ਆਉਣ ਤੋਂ ਇਕ ਹਫਤੇ ਉਸ ਦੀ ਮੌਤ ਹੋ ਗਈ ਸੀ।

Khushdeep Jassi

This news is Content Editor Khushdeep Jassi