ਇਨਫੈਕਸ਼ਨ ਦੇ ਪਹਿਲੇ ਪੜਾਅ 'ਤੇ ਕੋਰੋਨਾ ਵਾਇਰਸ ਨੂੰ ਰੋਕਣ ਦੀ ਬੱਝੀ ਆਸ

06/22/2020 8:56:21 PM

ਲੰਡਨ- ਕੋਰੋਨਾ ਵਾਇਰਸ ਦੀ ਰੋਕਥਾਮ ਦੀ ਕੋਸ਼ਿਸ਼ ਵਿਚ ਲੱਗੇ ਵਿਗਿਆਨੀਆਂ ਦੇ ਇਕ ਅਧਿਐਨ ਤੋਂ ਇਸ ਘਾਤਕ ਵਾਇਰਸ ਨੂੰ ਇਨਫੈਕਸ਼ਨ ਦੇ ਪਹਿਲੇ ਪੜਾਅ ਵਿਚ ਹੀ ਰੋਕਣ ਦੀ ਆਸ ਬੱਝੀ ਹੈ। ਉਨ੍ਹਾਂ ਨੇ ਵਾਇਰਸ ਦੇ ਉਸ ਪ੍ਰੋਟੀਨ ਦਾ ਪਹਿਲਾ ਸੰਪੂਰਨ ਮਾਡਲ ਤਿਆਰ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ, ਜਿਸ ਦੇ ਰਾਹੀਂ ਕੋਰੋਨਾ ਵਾਇਰਸ ਸੈਲਸ (ਕੋਸ਼ਿਕਾਵਾਂ) ਵਿਚ ਦਾਖਲ ਹੁੰਦਾ ਹੈ। ਇਸ ਮਾਡਲ ਦੀ ਮਦਦ ਨਾਲ ਕੋਵਿਡ-19 ਨਾਲ ਮੁਕਾਬਲਾ ਕਰਨ ਲਈ ਵੈਕਸੀਨ ਤੇ ਐਂਟੀਵਾਇਰਲ ਦਵਾਈਆਂ ਦੇ ਵਿਕਾਸ ਵਿਚ ਤੇਜ਼ੀ ਆ ਸਕਦੀ ਹੈ।

ਇਹ ਅਧਿਐਨ ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ ਸਣੇ ਖੋਜਕਾਰਾਂ ਦੇ ਇਕ ਦਲ ਨੇ ਕੀਤਾ ਹੈ। ਇਨ੍ਹਾਂ ਖੋਜਕਾਰਾਂ ਮੁਤਾਬਕ ਕੋਵਿਡ-19 ਦਾ ਕਾਰਣ ਬਣਨ ਵਾਲੇ ਸਾਰਸ-ਕੋਵੀ-2 ਵਿਚ ਪਾਇਆ ਜਾਣ ਵਾਲਾ ਸਪਾਈਕ ਜਾਂ ਐੱਸ ਪ੍ਰੋਟੀਨ ਕੋਸ਼ਿਕਾਵਾਂ ਵਿਚ ਵਾਇਰਸ ਦੇ ਦਾਖਲੇ ਨੂੰ ਆਸਾਨ ਬਣਾਉਂਦਾ ਹੈ। ਫਿਜ਼ਿਕਲ ਕੈਮਿਸਟ੍ਰੀ ਬੀ ਮੈਗੇਜ਼ੀਨ ਵਿਚ ਪ੍ਰਕਾਸ਼ਿਤ ਹੋਏ ਅਧਿਐਨ ਵਿਚ ਸੀ.ਐੱਚ.ਏ.ਆਰ.ਐੱਮ.ਐੱਮ.-ਜੀ.ਯੂ.ਆਈ. ਨਾਂ ਦੇ ਇਕ ਪ੍ਰੋਗਰਾਮ ਦੀ ਵਿਆਖਿਆ ਕੀਤੀ ਗਈ ਹੈ। ਇਸ ਪ੍ਰੋਗਰਾਮ ਦੀ ਮਦਦ ਨਾਲ ਇਹ ਮਾਡਲ ਤਿਆਰ ਕੀਤਾ ਗਿਆ ਹੈ।

ਪ੍ਰੋਗਰਾਮ ਨੂੰ ਵਿਕਸਿਤ ਕਰਨ ਵਾਲੇ ਵਿਗਿਆਨੀ ਤੇ ਅਮਰੀਕਾ ਦੀ ਲੇਹਾਈ ਯੂਨੀਵਰਸਿਟੀ ਦੇ ਪ੍ਰੋਫੈਸਰ ਵੋਨਪਿਲ ਇਮ ਨੇ ਕਿਹਾ ਕਿ ਇਹ ਇਕ ਤਰ੍ਹਾਂ ਦਾ ਕੰਪਿਊਟਰ ਅਧਾਰਿਤ ਮਾਈਕ੍ਰੋਸਕੋਪ ਹੈ, ਜੋ ਵਿਗਿਆਨੀਆਂ ਨੂੰ ਅਣੂਆਂ ਦੇ ਵਿਚਾਲੇ ਹੋਣ ਵਾਲੀਆਂ ਲਗਾਤਾਰ ਕਿਰਿਆਵਾਂ ਨੂੰ ਸਮਝਣ ਵਿਚ ਸਮਰਥ ਬਣਾਉਂਦਾ ਹੈ। ਇਸ ਤਰ੍ਹਾਂ ਦੀਆਂ ਲਗਾਤਾਰ ਕਿਰਿਆਵਾਂ ਨੂੰ ਦੂਜੇ ਤਰੀਕਿਆਂ ਦੇ ਰਾਹੀਂ ਦੇਖਿਆ ਨਹੀਂ ਜਾ ਸਕਦਾ। ਸਾਰਸ-ਕੋਵੀ-2 ਵਾਇਰਸ ਦੇ ਸਪਾਈਕ ਪ੍ਰੋਟੀਨ ਦਾ ਇਹ ਪਹਿਲਾ ਸੰਪੂਰਨ ਮਾਡਲ ਹੈ।

ਪ੍ਰੋਫੈਸਰ ਵੋਨਪਿਲ ਇਮ ਨੇ ਦੱਸਿਆ ਕਿ ਇਹ ਮਾਡਲ ਦੂਜੇ ਵਿਗਿਆਨੀਆਂ ਦੇ ਲਈ ਵੀ ਉਪਲੱਬਧ ਰਹੇਗਾ। ਇਸ ਦੀ ਵਰਤੋਂ ਨਾਲ ਵਿਗਿਆਨੀ ਕੋਰੋਨਾ ਵਾਇਰਸ ਦੀ ਰੋਕਥਾਮ ਤੇ ਇਲਾਜ ਵਿਕਸਿਤ ਕਰਨ ਦੇ ਲਈ ਸੋਧ ਕਰ ਸਕਦੇ ਹਨ। ਇਸ ਵਿਚਾਲੇ ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ ਪ੍ਰਤੀ ਲੱਖ ਵਿਅਕਤੀ 'ਤੇ ਕੋਰੋਨਾ ਦੇ ਮਾਮਲੇ ਦੁਨੀਆ ਦੇ ਸਭ ਤੋਂ ਘੱਟ ਹਨ। ਇਹੀ ਨਹੀਂ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਹੁਣ ਤਕਰੀਬਨ 56 ਫੀਸਦੀ 'ਤੇ ਪਹੁੰਚ ਗਈ ਹੈ।

ਭਾਰਤ ਸਰਕਾਰ ਦੇ ਕੇਂਦਰੀ ਸਿਹਤ ਮੰਤਰਾਲਾ ਨੇ ਵਿਸ਼ਵ ਸਿਹਤ ਸੰਗਠਨ ਦੀ 21 ਜੂਨ ਦੀ 153ਵੀਂ ਸਥਿਤੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਵਿਚ ਪ੍ਰਤੀ ਇਕ ਲੱਖ ਆਬਾਦੀ 'ਤੇ ਕੋਰੋਨਾ ਵਾਇਰਸ ਦੇ 30.04 ਮਾਮਲੇ ਹਨ ਜਦਕਿ ਗਲੋਬਲ ਔਸਤ ਤਿੰਨ ਗੁਣਾ ਵਧੇਰੇ 114.67 ਹੈ। ਮੰਤਰਾਲਾ ਦਾ ਕਹਿਣਾ ਹੈ ਕਿ ਰੂਸ ਵਿਚ ਪ੍ਰਤੀ ਲੱਖ ਆਬਾਦੀ 'ਤੇ 400.82, ਕੈਨੇਡਾ, ਈਰਾਨ ਤੇ ਤੁਰਕੀ ਵਿਚ ਲੜੀਵਾਰ 393.52, 268.98 ਤੇ 242.82 ਮਾਮਲੇ ਹਨ।


Baljit Singh

Content Editor

Related News