ਗੰਗਾ-ਯਮੁਨਾ ਦੇ ਪਵਿੱਤਰ ਜਲ, ਰਾਜਸਥਾਨ ਦੇ ਗੁਲਾਬੀ ਰੇਤਲੇ ਪੱਥਰ ਨਾਲ ਬਣਿਆ ਹੈ ਆਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ

02/13/2024 3:33:04 PM

ਆਬੂ ਧਾਬੀ (ਭਾਸ਼ਾ)- ਗੰਗਾ ਅਤੇ ਯਮੁਨਾ ਦਾ ਪਵਿੱਤਰ ਜਲ, ਰਾਜਸਥਾਨ ਤੋਂ ਗੁਲਾਬੀ ਰੇਤਲੇ ਪੱਥਰ, ਭਾਰਤ ਤੋਂ ਪੱਥਰ ਲਿਆਉਣ ਲਈ ਵਰਤੇ ਗਏ ਲੱਕੜ ਦੇ ਬਕਸਿਆਂ ਨਾਲ ਬਣਿਆ ਫਰਨੀਚਰ - ਆਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਯੋਗਦਾਨ ਨਾਲ ਬਣਿਆ ਆਰਕੀਟੈਕਚਰ ਦਾ ਇਕ ਚਮਤਕਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਇਸ ਮੰਦਰ ਦਾ ਉਦਘਾਟਨ ਕਰਨਗੇ। ਮੰਦਰ ਦੇ ਦੋਵੇਂ ਪਾਸੇ ਗੰਗਾ ਅਤੇ ਯਮੁਨਾ ਦਾ ਪਵਿੱਤਰ ਜਲ ਵਹਿ ਰਿਹਾ ਹੈ, ਜਿਸ ਨੂੰ ਭਾਰਤ ਤੋਂ ਵੱਡੇ ਕੰਟੇਨਰਾਂ ਵਿਚ ਲਿਆਂਦਾ ਗਿਆ ਹੈ। ਮੰਦਰ ਦੇ ਅਧਿਕਾਰੀਆਂ ਮੁਤਾਬਕ ਜਿਸ ਪਾਸੇ ਗੰਗਾ ਦਾ ਜਲ ਵਹਿੰਦਾ ਹੈ, ਉਸ ਪਾਸੇ ਘਾਟ ਦੇ ਆਕਾਰ ਦਾ ਇਕ ਐਂਫੀਥੀਏਟਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਹੁਣ ਖਾਲਿਸਤਾਨੀ ਗੁਰਪਤਵੰਤ ਪੰਨੂ ਦੇ ਸਾਥੀ ਇੰਦਰਜੀਤ ਸਿੰਘ ਗੋਸਲ ਦੇ ਘਰ 'ਤੇ ਚੱਲੀ ਗੋਲੀ

ਇਸ ਇਤਿਹਾਸਕ ਮੰਦਿਰ ਦੇ ਮੁੱਖ ਵਲੰਟੀਅਰ ਵਿਸ਼ਾਲ ਪਟੇਲ ਨੇ ਕਿਹਾ, 'ਇਸ ਦੇ ਪਿੱਛੇ ਵਿਚਾਰ ਇਸ ਨੂੰ ਵਾਰਾਣਸੀ ਦੇ ਘਾਟ ਵਰਗਾ ਦਿਖਾਉਣਾ ਹੈ, ਜਿੱਥੇ ਲੋਕ ਬੈਠ ਸਕਣ, ਧਿਆਨ ਲਗਾ ਸਕਣ ਅਤੇ ਉਨ੍ਹਾਂ ਦੇ ਮਨਾਂ ਵਿੱਚ ਭਾਰਤ ਵਿੱਚ ਬਣੇ ਘਾਟਾਂ ਦੀਆਂ ਯਾਦਾਂ ਤਾਜ਼ਾ ਹੋ ਜਾਣ। ਜਦੋਂ ਸੈਲਾਨੀ ਅੰਦਰ ਆਉਣਗੇ ਤਾਂ ਉਨ੍ਹਾਂ ਨੂੰ ਜਲ ਦੀਆਂ 2 ਧਾਰਾਵਾਂ ਦਿਸਣਗੀਆਂ ਜੋ ਪ੍ਰਤੀਕ ਰੂਪ ਵਿੱਚ ਭਾਰਤ ਵਿੱਚ ਗੰਗਾ ਅਤੇ ਯਮੁਨਾ ਨਦੀਆਂ ਨੂੰ ਦਰਸਾਉਂਦੀਆਂ ਹਨ। 'ਤ੍ਰਿਵੇਣੀ' ਸੰਗਮ ਬਣਾਉਣ ਲਈ ਮੰਦਿਰ ਦੀ ਬਣਤਰ ਤੋਂ ਰੋਸ਼ਨੀ ਦੀ ਕਿਰਨ ਆਏਗੀ ਜੋ ਸਰਸਵਤੀ ਨਦੀ ਨੂੰ ਦਰਸਾਏਗੀ।' ਦੁਬਈ-ਆਬੂ ਧਾਬੀ ਸ਼ੇਖ ਜ਼ਾਇਦ ਹਾਈਵੇਅ 'ਤੇ ਅਲ ਰਹਿਬਾ ਨੇੜੇ ਸਥਿਤ ਹਿੰਦੂ ਮੰਦਰ ਲਗਭਗ 27 ਏਕੜ ਜ਼ਮੀਨ 'ਤੇ ਬਣਾਇਆ ਗਿਆ ਹੈ। ਇਸ ਨੂੰ ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀ.ਏ.ਪੀ.ਐੱਸ.) ਨੇ ਬਣਾਇਆ ਹੈ।

ਇਹ ਵੀ ਪੜ੍ਹੋ: ਨਵਾਂ ਕਾਨੂੰਨ ਲਾਗੂ, ਮਰਦ ਅਤੇ ਔਰਤਾਂ ਦੋਹਾਂ ਨੂੰ ਜੁਆਇਨ ਕਰਨੀ ਹੋਵੇਗੀ ਫ਼ੌਜ, ਨਹੀਂ ਤਾਂ ਹੋਵੇਗੀ ਸਜ਼ਾ

ਮੰਦਿਰ ਦੇ ਅਗਲੇ ਹਿੱਸੇ ਵਿੱਚ ਰੇਤ ਦੇ ਪੱਥਰ ਉੱਤੇ ਸੰਗਮਰਮਰ ਦੀ ਉੱਤਮ ਨੱਕਾਸ਼ੀ ਹੈ, ਜਿਸ ਨੂੰ ਰਾਜਸਥਾਨ ਅਤੇ ਗੁਜਰਾਤ ਦੇ ਹੁਨਰਮੰਦ ਕਾਰੀਗਰਾਂ ਵੱਲੋਂ 25,000 ਤੋਂ ਵੱਧ ਪੱਥਰ ਦੇ ਟੁਕੜਿਆਂ ਤੋਂ ਤਿਆਰ ਕੀਤਾ ਗਿਆ ਹੈ। ਮੰਦਰ ਲਈ ਉੱਤਰੀ ਰਾਜਸਥਾਨ ਤੋਂ ਵੱਡੀ ਮਾਤਰਾ ਵਿੱਚ ਗੁਲਾਬੀ ਰੇਤਲਾ ਪੱਥਰ ਆਬੂ ਧਾਬੀ ਲਿਆਂਦਾ ਗਿਆ ਹੈ। ਮੰਦਰ ਵਾਲੀ ਥਾਂ 'ਤੇ ਖਰੀਦ ਅਤੇ ਸਾਮਾਨ ਦੀ ਨਿਗਰਾਨੀ ਕਰਨ ਵਾਲੇ ਵਿਸ਼ਾਲ ਬ੍ਰਹਮਭੱਟ ਨੇ ਦੱਸਿਆ ਕਿ ਮੰਦਰ ਦੇ ਨਿਰਮਾਣ ਲਈ 700 ਤੋਂ ਵੱਧ ਕੰਟੇਨਰਾਂ ਵਿੱਚ 2 ਲੱਖ ਘਣ ਫੁੱਟ ਤੋਂ ਵੱਧ 'ਪਵਿੱਤਰ' ਪੱਥਰ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ, “ਗੁਲਾਬੀ ਰੇਤਲਾ ਪੱਥਰ ਭਾਰਤ ਤੋਂ ਲਿਆਂਦਾ ਗਿਆ ਹੈ। ਪੱਥਰ ਦੀ ਨੱਕਾਸ਼ੀ ਉਥੋਂ ਦੇ ਮੂਰਤੀਕਾਰਾਂ ਨੇ ਕੀਤੀ ਹੈ ਅਤੇ ਇਸ ਨੂੰ ਇੱਥੇ ਮਜ਼ਦੂਰਾਂ ਨੇ ਲਗਾਇਆ ਹੈ। ਇਸ ਤੋਂ ਬਾਅਦ ਕਲਾਕਾਰਾਂ ਨੇ ਇੱਥੇ ਡਿਜ਼ਾਈਨ ਨੂੰ ਅੰਤਿਮ ਰੂਪ ਦਿੱਤਾ ਹੈ।'

ਇਹ ਵੀ ਪੜ੍ਹੋ: ਕੈਨੇਡਾ ’ਚ 5 ਪੰਜਾਬੀਆਂ ਦੀ ਜ਼ਮਾਨਤ ’ਤੇ ਬਵਾਲ, ਜੇਲ੍ਹ ’ਚੋਂ ਬਾਹਰ ਆਉਂਦੇ ਹੀ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਲੱਗੇ ਰੀਲਜ਼

ਜਿਨ੍ਹਾਂ ਲੱਕੜ ਦੇ ਬਕਸਿਆਂ ਅਤੇ ਕੰਟੇਨਰਾਂ ਵਿਚ ਪੱਥਰਾਂ ਨੂੰ ਆਬੂ ਧਾਬੀ ਲਿਆਂਦਾ ਗਿਆ ਹੈ, ਉਨ੍ਹਾਂ ਦਾ ਮੰਦਰ ਵਿੱਚ ਫਰਨੀਚਰ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਹੈ। ਬੀ.ਏ.ਪੀ.ਐੱਸ. ਲਈ ਅੰਤਰਰਾਸ਼ਟਰੀ ਸਬੰਧਾਂ ਦੇ ਮੁਖੀ ਸਵਾਮੀ ਬ੍ਰਹਮਵਿਹਾਰੀਦਾਸ ਨੇ ਕਿਹਾ, “ਮੰਦਰ ਵਿੱਚ ਪ੍ਰਾਰਥਨਾ ਹਾਲ, ਕੈਫੇਟੇਰੀਆ, ਕਮਿਊਨਿਟੀ ਸੈਂਟਰ ਆਦਿ ਵਿੱਚ ਰੱਖਿਆ ਫਰਨੀਚਰ ਪੱਥਰਾਂ ਨੂੰ ਲਿਆਉਣ ਲਈ ਵਰਤੇ ਗਏ ਬਕਸਿਆਂ ਅਤੇ ਕੰਟੇਨਰਾਂ ਦੀ ਲੱਕੜ ਤੋਂ ਬਣਾਇਆ ਗਿਆ ਹੈ। ਮੰਦਿਰ ਦੇ ਹਰ ਕੋਨੇ ਵਿੱਚ ਭਾਰਤ ਦਾ ਅੰਸ਼ ਹੈ।' ਇਸ ਮੰਦਰ ਦੀ ਉਸਾਰੀ ਦਾ ਕੰਮ 2019 ਤੋਂ ਚੱਲ ਰਿਹਾ ਹੈ। ਮੰਦਰ ਲਈ ਜ਼ਮੀਨ ਸੰਯੁਕਤ ਅਰਬ ਅਮੀਰਾਤ ਵੱਲੋਂ ਦਾਨ ਵਿਚ ਦਿੱਤੀ ਗਈ ਹੈ। ਯੂਏਈ ਵਿੱਚ 3 ਹੋਰ ਹਿੰਦੂ ਮੰਦਰ ਹਨ ਜੋ ਦੁਬਈ ਵਿੱਚ ਸਥਿਤ ਹਨ। ਸ਼ਾਨਦਾਰ ਆਰਕੀਟੈਕਚਰ ਅਤੇ ਨੱਕਾਸ਼ੀ ਨਾਲ ਇੱਕ ਵਿਸ਼ਾਲ ਖੇਤਰ ਵਿੱਚ ਫੈਲਿਆ BAPS ਮੰਦਿਰ ਖਾੜੀ ਖੇਤਰ ਵਿੱਚ ਸਭ ਤੋਂ ਵੱਡਾ ਮੰਦਰ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਅੱਜ ਤੋਂ ਸੰਯੁਕਤ ਅਰਬ ਅਮੀਰਾਤ ਦਾ 2 ਦਿਨਾ ਦੌਰਾ ਸ਼ੁਰੂ ਕਰਨਗੇ। 2015 ਤੋਂ ਬਾਅਦ ਖਾੜੀ ਦੇਸ਼ ਦੀ ਇਹ ਉਨ੍ਹਾਂ ਦੀ ਸੱਤਵੀਂ ਅਤੇ ਪਿਛਲੇ 8 ਮਹੀਨਿਆਂ ਵਿੱਚ ਉਨ੍ਹਾਂ ਦੀ ਤੀਜੀ ਯਾਤਰਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry