ਇਸਲਾਮਾਬਾਦ ’ਚ ਬਣੇਗਾ ਪਹਿਲਾ ਹਿੰਦੂ ਮੰਦਰ, ਪਾਕਿ ਅਧਿਕਾਰੀਆਂ ਨੇ ਬਹਾਲ ਕੀਤੀ ਪਲਾਟ ਦੀ ਅਲਾਟਮੈਂਟ

11/09/2021 5:03:05 PM

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਪਹਿਲੇ ਹਿੰਦੂ ਮੰਦਰ ਦੇ ਨਿਰਮਾਣ ਲਈ ਪਲਾਟ ਦੀ ਅਲਾਟਮੈਂਟ ਨੂੰ ਲੋਕਾਂ ਵੱਲੋਂ ਆਲੋਚਨਾ ਕਰਨ ਤੋਂ ਬਾਅਦ ਬਹਾਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਚੋਟੀ ਦੀ ਅਦਾਲਤ ਨੂੰ ਕਿਹਾ ਸੀ ਕਿ ਹਿੰਦੂ ਭਾਈਚਾਰੇ ਨੂੰ ਅਲਾਟ ਕੀਤੇ ਗਏ ਪਲਾਟ ਦੀ ਅਲਾਟਮੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ। ‘ਡਾਨ’ ਅਖਬਾਰ ਦੀ ਖ਼ਬਰ ਮੁਤਾਬਕ ਰਾਜਧਾਨੀ ਵਿਕਾਸ ਅਥਾਰਟੀ (ਸੀ. ਡੀ. ਏ.) ਨੇ ਸੋਮਵਾਰ ਨੂੰ ਇਸਲਾਮਾਬਾਦ ਹਾਈ ਕੋਰਟ ’ਚ ਮਾਮਲੇ ਦੀ ਸੁਣਵਾਈ ਦੌਰਾਨ ਪਲਾਟ ਦੀ ਅਲਾਟਮੈਂਟ ਬਹਾਲ ਕਰਨ ਦੀ ਜਾਣਕਾਰੀ ਦਿੱਤੀ। ਸੀ. ਡੀ. ਏ. ਦੇ ਵਕੀਲ ਜਾਵੇਦ ਇਕਬਾਲ ਨੇ ਅਦਾਲਤ ਨੂੰ ਦੱਸਿਆ ਕਿ ਸਿਵਲ ਏਜੰਸੀ ਨੇ ਇਸ ਸਾਲ ਫਰਵਰੀ ’ਚ ਜ਼ਮੀਨ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਇਸ ’ਤੇ ਨਿਰਮਾਣ ਸ਼ੁਰੂ ਨਹੀਂ ਹੋਇਆ ਸੀ। ਖ਼ਬਰ ਮੁਤਾਬਕ ਇਸਲਾਮਾਬਾਦ ’ਚ ਐੱਚ-9/2 ’ਚ  ਚਾਰ ਕਨਾਲ (ਅੱਧਾ ਏਕੜ) ਜ਼ਮੀਨ 2016 ’ਚ ਭਾਈਚਾਰੇ ਨੂੰ ਪਹਿਲਾਂ ਹਿੰਦੂ ਮੰਦਰ, ਸ਼ਮਸ਼ਾਨਘਾਟ ਤੇ ਭਾਈਚਾਰਕ ਕੇਂਦਰ ਦੇ ਨਿਰਮਾਣ ਲਈ ਦਿੱਤੀ ਗਈ ਸੀ। ਪਲਾਟ ਦੀ ਅਲਾਟਮੈਂਟ ਨੂੰ ਰੱਦ ਕਰਨ ਦੀ ਖ਼ਬਰ ਤੋਂ ਬਾਅਦ ਮੁੱਖ ਧਾਰਾ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਨੇ ਸੀ. ਡੀ. ਏ. ਦੀ ਆਲੋਚਨਾ ਕੀਤੀ, ਜਿਸ ਨਾਲ ਉਸ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ : ਪਾਕਿ ਦੇ ਵਜ਼ੀਰਿਸਤਾਨ ’ਚ ਲੋਕਾਂ ਨੇ ਵਿਸਫੋਟਕਾਂ ਨਾਲ ਉਡਾ ਦਿੱਤਾ ਚਾਈਨੀਜ਼ ਕੰਪਨੀ ਦਾ ਮੋਬਾਇਲ ਟਾਵਰ

ਸੀ. ਡੀ. ਏ. ਦੇ ਬੁਲਾਰੇ ਸੈਯਦ ਆਸਿਫ ਰਜ਼ਾ ਨੇ ਕਿਹਾ ਕਿ ਸਰਕਾਰ ਦੇ ਇਕ ਫ਼ੈਸਲੇ ਤੋਂ ਬਾਅਦ ਵੱਖ-ਵੱਖ ਦਫ਼ਤਰਾਂ, ਯੂਨੀਵਰਸਿਟੀਆਂ ਤੇ ਹੋਰ ਸੰਸਥਾਵਾਂ ਨੂੰ ਕੀਤੇ ਗਏ ਉਨ੍ਹਾਂ ਸਾਰੇ ਪਲਾਟਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਸੀ, ਜਿਨ੍ਹਾਂ ’ਤੇ ਕੋਈ ਨਿਰਮਾਣ ਕਾਰਜ ਸ਼ੁਰੂ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਿਵਲ ਏਜੰਸੀ ਦੇ ਸਬੰਧਿਤ ਅਧਿਕਾਰੀਆਂ ਨੇ ਕੈਬਨਿਟ ਦੇ ਫ਼ੈਸਲੇ ਦੀ ਗ਼ਲਤ ਵਿਆਖਿਆ ਕੀਤੀ ਤੇ ਹਿੰਦੂ ਭਾਈਚਾਰੇ ਨੂੰ ਅਲਾਟ ਕੀਤੇ ਪਲਾਟ ਨੂੰ ਵੀ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੰਦਰ ਦੇ ਲਈ ਅਲਾਟ ਜ਼ਮੀਨ ’ਤੇ ਚਾਰਦੀਵਾਰੀ ਦੇ ਨਿਰਮਾਣ ਦੀ ਮਨਜ਼ੂਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ, ਇਸ ਲਈ ਇਸ ’ਤੇ ਕੈਬਨਿਟ ਦਾ ਫ਼ੈਸਲਾ ਲਾਗੂ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਹ ਪਲਾਟ ਉਸ ਸ਼੍ਰੇਣੀ ’ਚ ਨਹੀਂ ਆਉਂਦਾ, ਜਿਥੇ ਨਿਰਮਾਣ ਸ਼ੁਰੂ ਨਹੀਂ ਹੋਇਆ। ਬੁਲਾਰੇ ਨੇ ਨਵੇਂ ਅਲਾਟਮੈਂਟ ਪੱਤਰ ਦੀ ਇਕ ਕਾਪੀ ਵੀ ਸਾਂਝੀ ਕੀਤੀ, ਜਿਸ ’ਚ ਲਿਖਿਆ ਹੈ, “ਸੈਕਟਰ ਐੱਚ-9/2 ’ਚ ਹਿੰਦੂ ਭਾਈਚਾਰੇ ਨੂੰ ਮੰਦਰ, ਕਮਿਊਨਿਟੀ ਸੈਂਟਰ ਅਤੇ ਸ਼ਮਸ਼ਾਨਘਾਟ ਲਈ ਅਲਾਟ ਕੀਤਾ ਪਲਾਟ ਜਾਇਜ਼ ਹੈ ਕਿਉਂਕਿ ਇਹ 22 ਸਤੰਬਰ 2020 ਦੇ ਕੈਬਨਿਟ ਫ਼ੈਸਲੇ ਦੇ ਤਹਿਤ ਨਹੀਂ ਆਉਂਦਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਸੀ.ਡੀ.ਏ. ਕੈਬਨਿਟ ਦੇ ਫ਼ੈਸਲੇ ਦੀ ਗ਼ਲਤ ਵਿਆਖਿਆ ਕਰਨ ਵਾਲਿਆਂ ਵਿਰੁੱਧ ਕੋਈ ਜਾਂਚ ਸ਼ੁਰੂ ਕਰੇਗੀ, ਉਨ੍ਹਾਂ ਕਿਹਾ, ‘‘ਅਸਲ ’ਚ ਇਸ ਮਾਮਲੇ ’ਚ ਕੋਈ ਗ਼ਲਤ ਇਰਾਦਾ ਨਹੀਂ ਸੀ।’’

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? 

Manoj

This news is Content Editor Manoj