ਪਹਿਲੀ ਵਾਰ ਅਫਗਾਨਿਸਤਾਨ ਦੀ ਸੰਸਦ ''ਚ ਹਿੰਦੂ-ਸਿੱਖ ਪ੍ਰਤੀਨਿਧੀ

10/22/2018 1:15:21 AM

ਕਾਬੁਲ — ਅਫਗਾਨਿਸਤਾਨ 'ਚ ਹਿੰਸਾ ਦੀਆਂ ਘਟਨਾਵਾਂ ਵਿਚਾਲੇ ਹੋਈਆਂ ਸੰਸਦੀ ਚੋਣਾਂ 'ਚ ਕਰੀਬ 30 ਲੱਖ ਲੋਕਾਂ ਨੇ ਵੋਟਿੰਗ ਕੀਤੀ। ਵੋਟਰਾਂ ਦੀ ਇਹ ਗਿਣਤੀ ਪਹਿਲਾਂ ਲਾਏ ਗਏ ਅੰਦਾਜ਼ੇ ਤੋਂ ਕਿਤੇ ਵੱਧ ਹੈ। ਤਕਨੀਕੀ ਮੁਸ਼ਕਿਲਾਂ ਕਾਰਨ ਜਿਨ੍ਹਾਂ ਮਤਦਾਨ ਕੇਂਦਰਾਂ 'ਚ ਸ਼ਨੀਵਾਰ ਨੂੰ ਵੋਟਿੰਗ ਨਹੀਂ ਹੋਈ, ਉਥੇ ਐਤਵਾਰ ਨੂੰ ਵੋਟਿੰਗ ਕੀਤੀ ਗਈ। ਸਾਲ 2001 ਤੋਂ ਬਾਅਦ ਇਹ ਪਹਿਲਾਂ ਮੌਕਾ ਸੀ ਕਿ ਸੰਸਦੀ ਚੋਣਾਂ ਕਰਾਉਣ ਦੀ ਕਮਾਨ ਪੂਰੀ ਤਰ੍ਹਾਂ ਨਾਲ ਅਫਗਾਨਿਸਤਾਨ ਦੀ ਸਰਕਾਰ ਦੇ ਹੱਥ 'ਚ ਸੀ।  ਚੋਣਾਂ ਦੌਰਾਨ ਕਈ ਥਾਂ ਹਿੰਸਾ ਦੀਆਂ ਘਟਨਾਵਾਂ ਵੀ ਹੋਈਆਂ ਅਤੇ ਇਨ੍ਹਾਂ 'ਚ ਘੱਟ ਤੋਂ ਘੱਟ 28 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ 15 ਲੋਕਾਂ ਦੀ ਮੌਤ ਰਾਜਧਾਨੀ ਕਾਬੁਲ 'ਚ ਹੋਏ ਅੱਤਵਾਦੀ ਧਮਾਕੇ 'ਚ ਹੋਈ।

ਚੋਣ ਨਤੀਜੇ ਆਉਣ 'ਚ ਕਰੀਬ 2 ਹਫਤੇ ਦਾ ਸਮਾਂ ਲੱਗ ਸਕਦਾ ਹੈ। ਸੰਯੁਕਤ ਰਾਸ਼ਟਰ ਨੇ ਚੋਣਾਂ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਵੋਟ ਪਾਉਣ ਦੀ ਤਰੀਫ ਕੀਤੀ ਹੈ। ਅਫਗਾਨਿਸਤਾਨ ਦੀਆਂ ਸੰਸਦੀ ਚੋਣਾਂ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਕੁਝ ਸੂਬਿਆਂ 'ਚ 1 ਜਾਂ 2 ਘੰਟੇ ਦੀ ਦੇਰੀ ਨਾਲ ਚੋਣ ਪ੍ਰਕਿਰਿਆ ਸ਼ੁਰੂ ਹੋਈ। ਸੰਸਦ 'ਚ ਆਪਣੇ ਨੁਮਾਇੰਦੇ ਚੁਣਨ ਲਈ ਅਫਗਾਨਿਸਤਾਨ ਦੇ ਲੋਕ ਵੱਡੀ ਗਿਣਤੀ 'ਚ ਮਤਦਾਨ ਕੇਂਦਰਾਂ 'ਚ ਪਹੁੰਚੇ। ਅਜਿਹੇ ਸੂਬੇ ਜਿੱਥੇ ਸੁਰੱਖਿਆ ਦੀ ਸਥਿਤੀ ਬਹੁਤ ਚੰਗੀ ਨਹੀਂ ਹੈ। ਤਾਲਿਬਾਨ ਅਤੇ ਦੂਜੇ ਸੰਗਠਨਾਂ ਦੀ ਮੌਜੂਦਗੀ ਹੈ, ਉਥੇ ਵੀ ਲੋਕਾਂ ਵੱਡੀ ਗਿਣਤੀ 'ਚ ਮਤਦਾਨ ਕੇਂਦਰਾਂ 'ਚ ਵੋਟ ਪਾਉਣ ਪਹੁੰਚੇ।

ਮਤਦਾਨ ਦੌਰਾਨ ਕਈ ਸੂਬਿਆਂ 'ਚ ਹਿੰਸਾ ਵੀ ਹੋਈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਅੱਤਵਾਦੀ ਹਮਲੇ 'ਚ ਘੱਟੋਂ-ਘੱਟ 15 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 8 ਸੁਰੱਖਿਆ ਕਰਮੀ ਸਨ ਅਤੇ 50 ਲੋਕ ਜ਼ਖਮੀ ਵੀ ਹੋਏ ਹਨ। ਨੰਗਰਹਾਰ ਸੂਬੇ 'ਚ ਤਾਲਿਬਾਨ ਦੇ ਹਮਲੇ 'ਚ 20 ਲੋਕ ਮਾਰੇ ਗਏ ਅਤੇ 20 ਤੋਂ ਜ਼ਿਆਦਾ ਜ਼ਖਮੀ ਵੀ ਹੋਏ। ਅਜਿਹੇ 'ਚ ਵੋਟਿੰਗ ਕੇਂਦਰ ਜਿੱਥੇ ਦੇਰੀ ਨਾਲ ਮਤਦਾਨ ਸ਼ੁਰੂ ਹੋਇਆ, ਉਨ੍ਹਾਂ 'ਚੋਂ ਕੁਝ 'ਚ ਐਤਵਾਰ ਨੂੰ ਵੋਟਿੰਗ ਹੋਈ। ਹੇਠਲੀ ਸਦਨ ਦੀਆਂ 250 ਸੀਟਾਂ ਲਈ ਹੋ ਰਹੀਆਂ ਚੋਣਾਂ 'ਚ 2,566 ਉਮੀਦਵਾਰ ਮੈਦਾਨ 'ਚ ਹਨ। ਔਰਤਾਂ ਲਈ 40 ਤੋਂ ਜ਼ਿਆਦਾ ਸੀਟਾਂ ਰਾਖਵੀਆਂ ਹਨ ਪਰ ਜਿਨ੍ਹਾਂ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦਾ ਵੋਟਾਂ ਮਿਲਣਗੀਆਂ ਉਹ ਵੀ ਸੰਸਦ ਲਈ ਚੁਣੀ ਜਾਵੇਗੀ ਮਤਲਬ ਔਰਤਾਂ ਦੀ ਗਿਣਤੀ 40 ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਇਸ ਵਾਰ ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਲਈ ਵੀ ਇਕ ਸੀਟ ਰਿਜ਼ਰਵ ਕੀਤੀ ਗਈ ਹੈ। ਇਹ ਪਹਿਲਾਂ ਮੌਕਾ ਹੈ ਜਦੋਂ ਅਫਗਾਨਿਸਤਾਨ ਦੇ ਹੇਠਲੇ ਸਦਨ 'ਚ ਸਿੱਖ ਅਤੇ ਹਿੰਦੂ ਭਾਈਚਾਰੇ ਦਾ ਇਕ ਨੁਮਾਇੰਦਾ ਮੌਜੂਦ ਹੋਵੇਗਾ।

ਦੁਨੀਆ ਭਰ ਦੀ ਮੀਡੀਆ 'ਚ ਅਫਗਾਨਿਸਤਾਨ ਦੀਆਂ ਔਰਤਾਂ ਦੇ ਬਾਰੇ 'ਚ ਕਈ ਰਿਪੋਰਟਾਂ ਆਉਂਦੀਆਂ ਹਨ। ਇਹ ਵੀ ਆਖਿਆ ਜਾਂਦਾ ਹੈ ਕਿ ਇਥੇ ਉਨ੍ਹਾਂ ਦੇ ਹਲਾਤ ਚੰਗੇ ਨਹੀਂ ਹਨ ਪਰ ਜ਼ਮੀਨੀ ਹਕੀਕਤ ਦੇਖੀ ਜਾਵੇ ਤਾਂ ਇਥੇ ਔਰਤਾਂ ਲਈ ਇਕ ਲਿਹਾਜ਼ ਤੋਂ ਹਲਾਤ ਚੰਗੇ ਹਨ ਕਿਉਂਕਿ ਜੇਕਰ ਆਲੇ-ਦੁਆਲੇ ਦੇ ਦੇਸ਼ਾਂ 'ਚ ਦੇਖੀਏ ਤਾਂ ਇੰਨੀਆਂ ਮਹਿਲਾ ਸੰਸਦ ਮੈਂਬਰ ਨਾ ਤਾਂ ਪਾਕਿਸਤਾਨ 'ਚ ਹਨ ਅਤੇ ਨਾ ਹੀ ਕਜ਼ਾਕਿਸਤਾਨ 'ਚ। ਅਫਗਾਨਿਸਤਾਨ 'ਚ ਕਈ ਮਹਿਲਾ ਮੰਤਰੀ ਅਤੇ ਉਪ ਮੰਤਰੀ ਹਨ। ਕਈ ਰਾਜਦੂਤ ਹਨ ਅਤੇ ਅਲਗ-ਅਲਗ ਵਿਭਾਗਾਂ 'ਚ ਔਰਤਾਂ ਨੂੰ ਕੰਮ ਕਰਨ ਦੀ ਸੁਵਿਧਾਵਾਂ ਮਿਲਦੀਆਂ ਹਨ। ਰਾਜਨੀਤੀ 'ਚ ਔਰਤਾਂ ਦਾ ਦਖਲ ਕਾਫੀ ਜ਼ਿਆਦਾ ਹੈ। ਮਿਸਾਲ ਦੇ ਤੌਰ 'ਤੇ ਬਲਖ ਸੂਬੇ 'ਚ ਕਰੀਬ 2 ਲੱਖ ਔਰਤਾਂ ਨੇ ਵੋਟ ਪਾ ਕੇ ਰਜਿਸਟਰੇਸ਼ਨ ਕਰਾਇਆ। ਇਥੇ ਸੁਰੱਖਿਆ ਚਿੰਤਾਵਾਂ ਕਾਰਨ ਕੁਝ ਖੇਤਰਾਂ 'ਚ ਔਰਤਾਂ ਦੀ ਹਿੱਸੇਦਾਰੀ ਕੁਝ ਘੱਟ ਹੈ।

ਅਫਗਾਨਿਸਤਾਨ 'ਚ ਸ਼ਨੀਵਾਰ ਨੂੰ ਸੰਸਦੀ ਚੋਣਾਂ ਸੰਪਨ ਹੋਈਆਂ ਹਨ ਪਰ ਕੁਝ ਥਾਂਵਾਂ 'ਤੇ ਐਤਵਾਰ ਨੂੰ ਵੀ ਵੋਟਿੰਗ ਹੋਈ। ਉਥੇ ਦੱਖਣੀ ਕੰਧਾਰ 'ਚ ਚੋਣਾਂ ਇਕ ਹਫਤੇ ਲਈ ਰੱਦ ਕਰ ਦਿੱਤੀਆਂ ਗਈਆਂ ਹਨ। ਬੀਤੇ ਵੀਰਵਾਰ ਨੂੰ ਗਵਰਨਰ ਇਮਾਰਤ 'ਚ ਹੋਏ ਹਮਲੇ 'ਚ ਪੁਲਸ ਪ੍ਰਮੁੱਖ ਸਮੇਤ 2 ਲੋਕਾਂ ਦੀ ਮੌਤ ਤੋਂ ਬਾਅਦ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ। ਅਫਗਾਨਿਸਤਾਨ 'ਚ ਇਹ ਚੋਣਾਂ ਇਸ ਲਈ ਬਹੁਤ ਮਹੱਤਵਪੂਰਣ ਹਨ ਕਿਉਂਕਿ ਤਾਲਿਬਾਨ ਲਗਾਤਾਰ ਲੋਕਾਂ ਨੂੰ ਵੋਟਿੰਗ ਨਾ ਕਰਨ ਲਈ ਕਹਿੰਦਾ ਰਿਹਾ ਹੈ ਪਰ ਇਸ ਦੇ ਬਾਵਜੂਦ ਇਸ ਦੇ ਸ਼ਨੀਵਾਰ ਨੂੰ ਹੋਈਆਂ ਚੋਣਾਂ 'ਚ ਲੋਕਾਂ ਨੇ ਭਾਰੀ ਗਿਣਤੀ 'ਚ ਹਿੱਸਾ ਲਿਆ।