ਚੀਨ 'ਚ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਬਾਰੇ ਦੱਸਣ ਵਾਲੇ ਡਾਕਟਰ ਨੂੰ ਮਿਲੀ ਸਜ਼ਾ

02/04/2020 11:07:00 AM

ਬੀਜਿੰਗ— ਚੀਨ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਸਹਿਮੀ ਹੋਈ ਹੈ ਅਤੇ ਇਸ ਨੂੰ ਰੋਕਣ ਦਾ ਕੋਈ ਠੋਸ ਤਰੀਕਾ ਨਹੀਂ ਮਿਲ ਸਕਿਆ। ਚੀਨ ਦੇ ਵੂਹਾਨ ਸ਼ਹਿਰ ਤੋਂ ਪੈਦਾ ਹੋਇਆ ਇਹ ਵਾਇਰਸ ਹੁਣ ਤਕ ਦੁਨੀਆ ਦੇ 25 ਦੇਸ਼ਾਂ 'ਚ ਫੈਲ ਚੁੱਕਾ ਹੈ। ਅਮਰੀਕਾ, ਭਾਰਤ ਅਤੇ ਆਸਟ੍ਰੇਲੀਆ ਸਣੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਪਛਾਣ ਕੀਤੀ ਗਈ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਚੀਨ 'ਚ ਵਾਇਰਸ ਬਾਰੇ ਸਭ ਤੋਂ ਪਹਿਲਾਂ ਖੁਲਾਸਾ ਕਰਨ ਅਤੇ ਚਿਤਾਵਨੀ ਦੇਣ ਵਾਲੇ ਡਾਕਟਰ ਨੂੰ ਸਜ਼ਾ ਭੁਗਤਣੀ ਪਈ। ਇਸ ਡਾਕਟਰ ਨੇ ਇਸ ਵਾਇਰਸ ਦੇ ਮਹਾਮਾਰੀ ਬਣਨ ਦੀ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ।

ਚੀਨ ਦੇ ਡਾਕਟਰ ਲੀ ਵੇਨਲਿਆਨਗ ਨੇ 425 ਲੋਕਾਂ ਦੀ ਮੌਤ ਹੋਣ ਤੋਂ ਪਹਿਲਾਂ ਹੀ ਇਸ ਵਾਇਰਸ ਦੀ ਚਿਤਾਵਨੀ ਦੇ ਦਿੱਤੀ ਸੀ। ਦੱਸ ਦਈਏ ਕਿ ਚੀਨ 'ਚ ਲੋਕਤੰਤਰ ਨਹੀਂ ਹੈ ਅਤੇ ਉੱਥੇ ਬਹੁਤ ਹੀ ਆਸਾਨੀ ਨਾਲ ਕਿਸੇ ਖਬਰ ਨੂੰ ਫੈਲਣ ਤੋਂ ਦਬਾਅ ਦਿੱਤਾ ਜਾਂਦਾ ਹੈ। ਅਜਿਹਾ ਹੀ ਕੁੱਝ ਕੋਰੋਨਾ ਵਾਇਰਸ ਨੂੰ ਲੈ ਕੇ ਹੋਇਆ ਜਦ ਦੁਨੀਆ ਤੋਂ ਪਹਿਲਾਂ ਚੀਨ ਸਰਕਾਰ ਨੂੰ ਇਸ ਦਾ ਪਤਾ ਲੱਗਾ। ਕੋਰੋਨਾ ਵਾਇਰਸ ਦੀ ਭਵਿੱਖਬਾਣੀ ਕਰਨ ਵਾਲੇ ਡਾਕਟਰ ਲੀ ਵੇਨਲਿਆਨਗ ਨੂੰ ਵੀ ਇਸ ਲਈ ਅੱਧੀ ਰਾਤ ਨੂੰ ਉਸ ਦੇ ਘਰੋਂ ਹੀ ਹਿਰਾਸਤ 'ਚ ਲੈ ਲਿਆ ਗਿਆ ਸੀ।

ਇਹ ਡਾਕਟਰ ਹੁਣ ਖੁਦ ਕੋਰੋਨਾ ਵਾਇਰਸ ਦੀ ਲਪੇਟ 'ਚ ਹੈ। ਜ਼ਿਕਰਯੋਗ ਹੈ ਕਿ ਡਾਕਟਰ ਲੀ ਨੇ ਇਕ ਮੈਸਜ ਜਾਰੀ ਕਰਕੇ ਆਪਣੇ ਸਹਿ ਕਰਮਚਾਰੀਆਂ ਤੇ ਮੈਡੀਕਲ ਵਿਦਿਆਰਥੀਆਂ ਨੂੰ ਇਸ ਵਾਇਰਸ ਬਾਰੇ ਦੱਸਿਆ ਸੀ , ਉਸ ਸਮੇਂ ਅਜੇ 7 ਕੁ ਲੋਕ ਇਸ ਬੀਮਾਰੀ ਨਾਲ ਪੀੜਤ ਹੋਏ ਸਨ। ਉਨ੍ਹਾਂ ਨੇ ਦੱਸਿਆ ਸੀ ਕਿ ਇਹ ਸਾਰਸ ਵਾਇਰਸ ਵਰਗਾ ਹੀ ਹੈ, ਜਿਸ ਕਾਰਨ 2003 'ਚ 800 ਲੋਕਾਂ ਦੀ ਮੌਤ ਹੋ ਗਈ ਸੀ। ਇਸ ਸਮੇਂ ਸਿਰਫ ਚੀਨ 'ਚ ਹੀ 14000 ਤੋਂ ਵਧੇਰੇ ਲੋਕ ਇਸ ਵਾਇਰਸ ਕਾਰਨ ਪੀੜਤ ਹਨ ਤੇ ਕਈ ਦੇਸ਼ਾਂ 'ਚ ਇਸ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਜੇਕਰ ਉਸ ਸਮੇਂ ਲੀ ਦੀ ਗੱਲ ਮੰਨ ਲਈ ਜਾਂਦੀ ਤਾਂ ਸ਼ਾਇਦ ਚੀਨ ਸਣੇ ਹੋਰ ਦੇਸ਼ਾਂ 'ਚ ਇਹ ਵਾਇਰਸ ਨਾ ਫੈਲਦਾ ਤੇ ਚੀਨ ਨੂੰ ਜੋ ਆਰਥਿਕ ਘਾਟਾ ਹੋਇਆ ਹੈ, ਉਹ ਵੀ ਨਾ ਹੁੰਦਾ।


Related News