''ਜੋਬਨ ਰੁੱਤੇ ਹੀ ਮੁਰਝਾ ਗਿਆ ਹੰਸੂ-ਹੰਸੂ ਕਰਦਾ ਮਨਮੀਤ ਅਲੀਸ਼ੇਰ ਜਿਹਾ ਫੁੱਲ''

10/27/2017 4:30:23 PM

ਬ੍ਰਿਸਬੇਨ(ਸੁਰਿੰਦਰ ਪਾਲ ਖੁਰਦ)— ਜਦੋਂ ਕਿਸੇ ਮਾਂ-ਬਾਪ ਦੇ ਵਿਹੜੇ ਦਾ ਮਹਿਕਦਾ ਫੁੱਲ ਜੋਬਨ ਰੁੱਤੇ ਹੀ ਮੁਰਝਾ ਜਾਵੇ, ਉਹ ਵੀ ਅਜਿਹਾ ਫੁੱਲ ਜੋ 7 ਸਮੁੰਦਰੋਂ ਪਾਰ ਇਕੱਲਾ ਕਮਾਈ ਕਰਨ ਗਿਆ ਹੋਵੇ ਤਾਂ ਫਿਰ ਉਸ ਮਾਂ-ਬਾਪ ਦੇ ਦਿਲ 'ਤੇ ਕੀ ਬੀਤਦੀ ਹੈ, ਉਹ ਤਾਂ ਸਿਰਫ ਉਸ ਦੇ ਮਾਂ-ਬਾਪ ਹੀ ਦੱਸ ਸਕਦੇ ਹਨ। ਇਸੇ ਤਰ੍ਹਾਂ ਦਾ ਹੋਣਹਾਰ ਗੱਭਰੂ ਸੰਗਰੂਰ ਜ਼ਿਲੇ ਦੇ ਪਿੰਡ ਅਲੀਸ਼ੇਰ ਵਿਖੇ ਪਿਤਾ ਰਾਮ ਸਰੂਪ ਦੇ ਘਰ ਮਾਤਾ ਕਿਸ਼ਨਦੀਪ ਕੌਰ ਦੀ ਕੁੱਖੋ 20 ਸਤੰਬਰ 1987 ਨੂੰ ਜੰਮਿਆ। ਮਨਮੀਤ ਨੇ ਅਜੇ ਆਪਣੀ ਜ਼ਿੰਦਗੀ ਦੀਆਂ 28 ਬਹਾਰਾਂ ਹੀ ਦੇਖੀਆ ਸਨ ਕਿ ਲੰਘੀ 28 ਅਕਤੂਬਰ, 2016 ਦੀ ਚੰਦਰੀ ਸਵੇਰ ਜਿਸ ਨੇ ਨਾ ਸਿਰਫ ਬ੍ਰਿਸਬੇਨ ਸਗੋਂ ਭਾਰਤ ਸਮੇਤ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ।
ਆਓ ਜਾਣਦੇ ਹਾਂ ਕੀ ਵਾਪਰਿਆ ਸੀ 28 ਅਕਤੂਬਰ 2016 ਨੂੰ—
ਮਨਮੀਤ ਬ੍ਰਿਸਬੇਨ ਵਿਚ ਬੱਸ ਡਰਾਈਵਰ ਸੀ ਜੋ ਆਪਣੀ ਡਿਊਟੀ 'ਤੇ ਰੋਜ਼ਾਨਾ ਵਾਂਗ ਬ੍ਰਿਸਬੇਨ ਸਿਟੀ ਕੌਂਸਲ ਦੀ ਬੱਸ ਚਲਾ ਰਿਹਾ ਸੀ, ਇਸ ਦੌਰਾਨ ਆਸਟ੍ਰੇਲੀਆਈ ਮੂਲ ਦੇ ਐਨਥਨੀ ਓ ਡੋਨੋਹੀਊ ਨਾਮਕ 48 ਸਾਲਾ ਸਿਰਫਿਰੇ ਵਿਆਕਤੀ ਨੇ ਉਸ ਦੀ ਬੱਸ 'ਤੇ ਜਲਣਸ਼ੀਲ ਪਦਾਰਥ ਸੁੱਟ ਦਿੱਤਾ ਜਿਸ ਕਾਰਨ ਬੱਸ ਨੂੰ ਅੱਗ ਲੱਗ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦਰਅਸਲ ਉਸ ਸਮੇਂ ਮਨਮੀਤ ਡਰਾਈਵਰ ਸੀਟ 'ਤੇ ਬੈਠਾ ਸੀ ਅਤੇ ਆਪਣਾ ਬਚਾ ਨਹੀ ਕਰ ਸਕਿਆ, ਅੱਗ ਅਤੇ ਧੂੰਆਂ ਉਸ ਲਈ ਜਾਨਲੇਵਾ ਸਾਬਤ ਹੋਇਆ।
ਮਨਮੀਤ ਆਪਣੇ ਮਾਂ-ਬਾਪ ਦੀਆਂ ਅੱਖਾਂ ਦਾ ਤਾਰਾਂ, 2 ਵੱਡੀਆਂ ਭੈਣਾਂ ਦਾ ਦੁਲਾਰਾ ਅਤੇ ਵੱਡੇ ਭਰਾ ਦਾ ਛੋਟਾ ਲਾਡਲਾ ਵੀਰ, ਪਿਆਰ ਨਾਲ ਸਾਰੀ ਖ਼ਲਕਤ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਮਨਾਂ ਦਾ ਮੀਤ ਇਕ ਕਵੀ, ਗਾਇਕ, ਪ੍ਰਮੋਟਰ, ਥੀਏਟਰ ਕਲਾਕਾਰ ਸੀ, ਜਿਸ ਨੇ ਬਹੁਤ ਹੀ ਥੋੜ੍ਹੇ ਸਮੇਂ ਵਿਚ ਸਖਤ ਮਿਹਨਤ, ਲਗਨ ਤੇ ਦ੍ਰਿੜ ਨਿਸਚੇ ਨਾਲ ਆਸਟ੍ਰੇਲੀਆ 'ਚ ਪੰਜਾਬੀ ਭਾਈਚਾਰੇ ਵਿਚ ਉਹ ਮੁਕਾਮ ਹਾਸਲ ਕਰ ਲਿਆ ਸੀ, ਜੋ ਕਿ ਬਹੁਤੇ ਲੋਕਾਂ ਨੂੰ ਜ਼ਿੰਦਗੀ ਭਰ ਵਿਚ ਵੀ ਨਸੀਬ ਨਹੀ ਹੁੰਦਾ। ਉਹ ਆਸਟ੍ਰੇਲੀਆ 'ਚ ਪੰਜਾਬੀ ਭਾਈਚਾਰੇ ਦੀਆਂ ਸਾਹਿਤਕ, ਧਾਰਮਿਕ ਅਤੇ ਰਾਜਨੀਤਕ ਸਰਗਰਮੀਆਂ ਦਾ ਕੇਂਦਰ ਬਿੰਦੂ ਬਣ ਗਿਆ ਅਤੇ ਵਿਦੇਸ਼ ਵਿਚ ਨਾਮਣਾ ਖੱਟ ਕੇ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਪਿੰਡ ਅਲੀਸ਼ੇਰ ਨੂੰ ਆਸਟ੍ਰੇਲੀਆ ਅਤੇ ਹੋਰ ਵੀ ਦੇਸ਼ ਅਤੇ ਵਿਦੇਸ਼ ਵਿਚ ਇਕ ਧਰੂ ਤਾਰੇ ਵਾਗ ਚਮਕਾ ਦਿੱਤਾ।
ਇਨ੍ਹਾਂ ਸਕੂਲਾਂ 'ਚ ਕੀਤੀ ਸੀ ਪੜ੍ਹਾਈ—
ਜ਼ਿਕਰਯੋਗ ਹੈ ਕਿ ਮਨਮੀਤ ਨੇ ਆਪਣੀ ਪੰਜਵੀ ਤੱਕ ਦੀ ਪੜ੍ਹਾਈ ਜਵਾਹਰ ਨਵੋਦਿਆ ਵਿਦਿਆਲਾ ਲੋਗੋਂਵਾਲ ਤੋਂ ਸ਼ੁਰੂ ਕਰਕੇ 2004 ਵਿਚ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵੀ ਇਥੋਂ ਹੀ ਪਾਸ ਕੀਤੀ ਹੈ। ਇਹ ਸਕੂਲ ਉਸ ਦੇ ਮੁੱਢਲੇ ਦੌਰ ਦਾ ਕਲਾਮੰਚ ਸੀ, ਜਿਥੋਂ ਇਸ ਨੇ ਨਾਟਕ ਅਤੇ ਇਕਾਂਗੀ ਖੇਡਦਿਆਂ ਰੰਗਮੰਚ ਵੱਲ ਆਪਣੀ ਰੁੱਚੀ ਪਕੇਰੀ ਕੀਤੀ। ਇਸ ਤੋਂ ਉਪਰੰਤ ਇਸ ਨੇ ਉਚੇਰੀ ਸਿੱਖਿਆ ਲਈ ਖਾਲਸਾ ਕਾਲਜ ਪਟਿਆਲਾ ਵਿਖੇ ਦਾਖਲਾ ਲੈ ਕੇ 2007 ਵਿਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਇਨ੍ਹਾਂ ਤਿੰਨਾਂ ਸਾਲਾਂ ਨੇ ਉਸ ਦੀ ਕਲਾ ਅਤੇ ਸੋਚ ਵਿਚ ਬਹੁਤ ਨਿਖ਼ਾਰ ਲਿਆਂਦਾ, 2006 'ਚ ਇੰਟਰ ਯੂਨੀਵਰਸਿਟੀ ਪ੍ਰਤੀ ਯੋਗਤਾ ਵਿਚ ਇਸ ਦੀ ਟੀਮ ਵੱਲੋਂ ਖੇਡੇ ਨਾਟਕ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਸੀ।
ਗਾਉਣ ਅਤੇ ਲਿਖਣ ਦਾ ਵੀ ਸੀ ਸ਼ੌਂਕ—
ਮਨਮੀਤ 2008 ਵਿਚ ਆਸਟ੍ਰੇਲੀਆ ਦੀ ਧਰਤੀ 'ਤੇ ਆਮ ਲੋਕਾਂ ਦੀ ਤਰ੍ਹਾਂ ਬਹੁਤ ਸਾਰੇ ਸੁਪਨੇ ਸੰਜ਼ੋਈ ਆ ਵਸਿਆ ਅਤੇ ਜਿਸ ਨੂੰ ਪੂਰੇ ਕਰਨ ਵਿਚ ਉਹ ਕਾਫੀ ਹੱਦ ਤੱਕ ਸਫਲ ਵੀ ਰਿਹਾ, ਇਥੇ ਹੀ ਬਸ ਨਹੀ ਉਸ ਦੇ ਅਦਾਕਾਰ, ਕਵੀ, ਗਾਇਕ ਤੇ ਨੇਤਾ ਬਣਨ ਦੇ ਜਾਨੂੰਨ ਦੇ ਨਾਲ-ਨਾਲ ਉਸ ਨੇ ਆਪਣੀ ਸਾਹਿਤ ਦੀ ਦੁਨੀਆ ਨਾਲ ਵੀ ਰਾਬਤਾ ਬਣਾਈ ਰੱਖਿਆ। ਉਹ ਅਕਸਰ ਆਪਣੇ ਲਿਖੇ ਹੋਏ ਪ੍ਰਸਿੱਧ ਗੀਤਾਂ ਜਿਨ੍ਹਾਂ 'ਚ 'ਬਾਪੂ ਤੇਰੇ ਕਰਕੇ, ਕਮਾਉਣ ਜੋਗੇ ਹੋ ਗਏ, ਟੌਹਰ ਨਾਲ ਜ਼ਿੰਦਗੀ ਜਿਊਂਣ ਜੋਗੇ ਹੋ ਗਏ ਹਾਂ।' 'ਅਰਬਨ ਬੋਲੀਆਂ, ਤੇ ਭਾਰਤ ਪਾਕਿ ਸਬੰਧਾਂ 'ਚ ਜਦੋਂ ਕੁੜੱਤਣ ਆਈ ਤਾਂ ਗੀਤ 'ਨੀ ਵਾਹਗੇ ਦੀਏ ਸਰਹੱਦੇ, ਤੈਨੂੰ ਤੱਤੀ ਵਾਹ ਨਾ ਲੱਗੇ' ਲੱਗਣ ਫੁੱਲ ਗੁਲਾਬ ਦੇ, 'ਤੇਰੇ ਦੋਵੇਂ ਪਾਸੇ ਵੱਸਦੇ ਅੜੀਏ ਪੁੱਤ ਪੰਜਾਬ ਦੇ, ਅਤੇ ਪੰਜਾਬ ਦੀ ਕਿਰਸਾਨੀ ਤੋਂ ਚਿੰਤਤ ਹੋ ਕੇ ਗੀਤ 'ਜੱਗਾ' ਆਦਿ ਨਾਲ ਆਸਟ੍ਰੇਲੀਆ ਦੀਆਂ ਪੰਜਾਬੀ ਸੱਭਿਆਚਾਰਕ ਤੇ ਧਾਰਮਿਕ ਸਟੇਜਾਂ 'ਤੇ ਵੀ ਹਾਜ਼ਰੀ ਲਗਵਾਉਣ ਦੇ ਨਾਲ-ਨਾਲ ਵੱਖ-ਵੱਖ ਰੇਡਿਓ, ਇੰਡੋਜ਼ ਥੀਏਟਰ ਬ੍ਰਿਸਬੇਨ ਦੇ ਵਿਸ਼ੇਸ ਮੈਂਬਰ ਵੱਜੋਂ ਵੀ ਵਿਚਰਦਾ। ਇਸ ਦੇ ਨਾਲ ਹੀ ਸਮਾਜ ਭਲਾਈ ਸੰਸਥਾ ਹੋਪਿੰਗ ਈਰਾ ਤਹਿਤ ਪੰਜਾਬ ਵਿਚ ਗਰੀਬ ਬੱਚਿਆ ਦੀ ਮਾਲੀ ਮਦਦ ਦੇ ਉਪਰਾਲੇ ਕਰਨ ਨੂੰ ਵੀ ਪਹਿਲ ਦਿੰਦਾ ਸੀ। ਹਾਲ ਵਿਚ ਹੀ ਉਹ A Remarkable Day, People Inspire People, Helpless ਆਦਿ ਪੰਜਾਬੀ ਲਘੂ ਫਿਲਮਾਂ ਦੇ ਨਾਲ ਵੀ ਵਿਸ਼ੇਸ਼ ਤੌਰ 'ਤੇ ਚਰਚਾ ਵਿਚ ਰਿਹਾ ਸੀ। ਜਿਸ ਕਰਕੇ ਵਿਸ਼ਵ ਭਰ ਦੇ ਪੰਜਾਬੀ ਭਾਈਚਾਰੇ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਦੇ ਨਾਲ-ਨਾਲ ਉਸ ਨੇ ਸੰਗਰੂਰ ਜ਼ਿਲੇ ਦੇ ਪਿੰਡ ਅਲੀਸ਼ੇਰ ਵਾਸੀਆਂ ਦੇ ਦਿਲਾਂ ਵਿਚ ਵੀ ਆਪਣੀ ਵਿਸ਼ੇਸ ਥਾਂ ਬਣਾਈ ਹੋਈ ਸੀ। ਆਪਣੇ ਮਾਂ-ਬਾਪ ਦੀਆਂ ਅੱਖਾਂ ਦਾ ਇਹ ਚਮਕਦਾਂ ਤਾਰਾ ਮਨਮੀਤ ਅਲੀਸ਼ੇਰ 28 ਅਕਤੂਬਰ, 2016 ਦੀ ਸਵੇਰ ਨੂੰ ਇਸ ਖ਼ਲਕਤ ਦੀ ਇਨਸਾਨੀ ਨਫਰਤ ਰੂਪੀ ਸੇਕ ਨੇ ਸਦਾ ਦੇ ਲਈ ਆਪਣੀ ਆਗੋਸ਼ ਵਿਚ ਲੈ ਲਿਆ ਅਤੇ ਆਪਣੇ ਮਾਂ-ਬਾਪ, ਸਕੇ ਸਬੰਧੀਆਂ, ਮਿੱਤਰਾਂ ਦੋਸਤਾਂ ਨੂੰ ਰੋਦੇਂ ਕੁਰਲਾਉਂਦਿਆ ਨੂੰ ਛੱਡ ਕਿ ਸਦਾ ਦੀ ਨੀਂਦ ਸੋਂ ਗਿਆ ਸੀ।
ਮਰਹੂਮ ਮਨਮੀਤ ਸ਼ਰਮਾ ਅਲੀਸ਼ੇਰ ਦੀ ਪਹਿਲੀ ਬਰਸੀ ਦੇ ਧਾਰਮਿਕ ਸਮਾਗਮ ਸਬੰਧੀ ਪਰਿਵਾਰਕ ਮੈਂਬਰ ਵਿਸੇਸ਼ ਤੌਰ 'ਤੇ ਪੰਜਾਬ ਤੋਂ ਬ੍ਰਿਸਬੇਨ ਵਿਖੇ ਆਏ ਹੋਏ ਹਨ। ਮਰਹੂਮ ਮਨਮੀਤ ਅਲੀਸ਼ੇਰ ਦੇ ਪਿਤਾ ਰਾਮ ਸਰੂਮ, ਮਾਤਾ ਕ੍ਰਿਸ਼ਨਾ ਦੇਵੀ, ਦੋਵੇਂ ਭੈਣਾਂ, ਭਰਾ ਅਮਿਤ ਸ਼ਰਮਾ ਤੇ ਵਿਨਰਜੀਤ ਸਿੰਘ ਗੋਲਡੀ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਸ਼੍ਰੀ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਬ੍ਰਿਸਬੇਨ ਵਿਖੇ 28 ਅਕਤੂਬਰ ਦਿਨ ਸ਼ਨੀਵਾਰ ਨੂੰ ਮਨਮੀਤ ਅਲੀਸ਼ੇਰ ਦੀ ਪਹਿਲੀ ਬਰਸੀ ਸਬੰਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿਚ ਸੰਤ ਪਿਆਰਾ ਸਿੰਘ ਸਿਰਥਲਾ ਵਾਲੇ ਦੇ ਜੱਥੇ ਵੱਲੋਂ ਗੁਰਬਾਣੀ ਦਾ ਕੀਰਤਨ ਅਤੇ ਕਥਾ ਵਿਚਾਰ ਕੀਤੀ ਜਾਵੇਗੀ। ਇਸ ਮੌਕੇ 'ਤੇ ਕੁਈਨਜ਼ਲੈਂਡ ਸੂਬੇ ਅਤੇ ਸੰਘੀ ਸਰਕਾਰ ਦੇ ਰਾਜਨੀਤਕ ਆਗੂ, ਧਾਰਮਿਕ, ਸਾਹਿਤਕ ਅਤੇ ਹੋਰ ਵੀ ਵੱਖ-ਵੱਖ ਭਾਈਚਾਰਿਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਉਸੇ ਦਿਨ ਦੁਪਿਹਰ 2 ਵਜੇ ਬ੍ਰਿਸਬੇਨ ਸਿਟੀ ਕੌਂਸਲ ਅਤੇ ਸਮੂਹ ਭਾਈਚਾਰੇ ਵੱਲੋਂ ਮਨਮੀਤ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ।