ਪਾਕਿ ਨੇ ਨਹੀਂ ਛੱਡਿਆ ਰੋਣਾ, ਪਹਿਲੇ ਭਾਸ਼ਣ ''ਚ ਅਲਵੀ ਦਾ ਕਸ਼ਮੀਰ ਰਾਗ

09/17/2018 10:05:00 PM

ਇਸਲਾਮਾਬਾਦ— ਪਾਕਿਸਤਾਨ ਦੇ ਨਵੇਂ ਚੁਣੇ ਰਾਸ਼ਟਰਪਤੀ ਆਰਿਫ ਅਲਵੀ ਨੇ ਸੋਮਵਾਰ ਨੂੰ ਸੰਸਦ ਦੇ ਸੰਯੁਕਤ ਸੈਸ਼ਨ 'ਚ ਆਪਣੇ ਪਹਿਲੇ ਭਾਸ਼ਣ 'ਚ ਹੀ ਕਸ਼ਮੀਰ ਦਾ ਰਾਗ ਗਾਉਂਦਿਆਂ ਕਿਹਾ ਕਿ ਕਸ਼ਮੀਰੀ ਲੋਕਾਂ ਨੂੰ 'ਸਵੈ-ਨਿਰਣੇ' ਦਾ ਅਧਿਕਾਰ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਦਦ ਕਰਨ ਦੀ ਵੀ ਅਪੀਲ ਕੀਤੀ। ਅਲਵੀ ਨੇ ਨਾਲ ਹੀ ਕਿਹਾ ਕਿ ਭਾਰਤ ਦੇ ਨਾਲ ਪਾਕਿਸਤਾਨ ਸ਼ਾਂਤੀਪੂਰਨ ਸਬੰਧ ਚਾਹੁੰਦਾ ਹੈ।

'ਜਿਓ ਨਿਊਜ਼' ਨੇ ਰਾਸ਼ਟਰਪਤੀ ਦੇ ਹਵਾਲੇ ਨਾਲ ਦੱਸਿਆ ਕਿ ਅਸੀਂ ਕਸ਼ਮੀਰ ਮੁੱਦੇ ਦਾ ਸ਼ਾਂਤੀਪੂਰਨ ਢੰਗ ਨਾਲ ਹੱਲ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਕ ਕਰੀਬੀ ਸਹਿਯੋਗੀ ਤੇ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਸੰਸਥਾਪਕ ਮੈਂਬਰਾਂ 'ਚੋਂ ਇਕ ਅਲਵੀ ਨੇ ਸੰਸਦ ਦੇ ਸੰਯੁਕਤ ਸੈਸ਼ਨ 'ਚ ਪਹਿਲੀ ਵਾਰ ਸੰਸਦ ਮੈਂਬਰਾਂ ਨੂੰ ਸੰਬੋਧਿਤ ਕੀਤਾ। ਉਹ 9 ਸਤੰਬਰ ਨੂੰ ਦੇਸ਼ ਦੇ 13ਵੇਂ ਰਾਸ਼ਟਰਪਤੀ ਬਣੇ ਸਨ। ਡਾਨ ਦੀ ਖਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਮੁੱਦੇ ਨੂੰ ਲੈ ਕੇ ਇਕ-ਦੂਜੇ 'ਤੇ ਦੋਸ਼ ਮੜਨ ਦੀ ਬਜਾਏ ਉਹ ਚਾਹੁਣਗੇ ਕਿ ਸਰਕਾਰ ਹਰੇਕ ਪੱਧਰ 'ਤੇ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖੇ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਸੁਧਾਰਨਾ ਮਹੱਤਵਪੂਰਨ ਹੈ। ਪਾਕਿਸਤਾਨ ਕਸ਼ਮੀਰ ਦੇ ਸਬੰਧ 'ਚ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ। 'ਦ ਐਕਸਪ੍ਰੈੱਸ ਟ੍ਰਿਬਿਊਨ' ਨੇ ਅਲਵੀ ਦੇ ਹਵਾਨੇ ਨਾਲ ਕਿਹਾ ਕਿ ਅਸੀਂ ਸਾਰੇ ਜ਼ਰੂਰੀ ਕਦਮ ਚੁੱਕਾਂਗੇ ਤੇ ਉਨ੍ਹਾਂ ਨੂੰ (ਕਸ਼ਮੀਰ) ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ।