ਫਲੋਰੀਡਾ ''ਚ ਗੋਲੀਬਾਰੀ,5 ਲੋਕਾਂ ਦੀ ਮੌਤ

01/24/2019 8:03:02 AM

ਵਾਸ਼ਿੰਗਟਨ(ਭਾਸ਼ਾ) — ਅਮਰੀਕਾ 'ਚ ਫਲੋਰੀਡਾ ਸੂਬੇ ਦੇ ਸੇਬਰਿੰਗ 'ਚ ਬੁੱਧਵਾਰ ਨੂੰ ਇਕ ਬੰਦੂਕਧਾਰੀ ਨੇ ਬੈਂਕ 'ਚ ਅੰਨ੍ਹੇਵਾਹ ਗੋਲੀਬਾਰੀ ਕੀਤੀ , ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਸ ਨੇ ਦੱਸਿਆ ਕਿ ਹਮਲਾਵਰ ਪੁਲਸ ਹਿਰਾਸਤ 'ਚ ਹੈ। ਸੇਬਰਿੰਗ ਪੁਲਸ ਦੇ ਮੁਖੀ ਕਾਰਲ ਹੇਗਲੁੰਡ ਨੇ ਇਕ ਪੱਤਰਾਕਰ ਸੰਮੇਲਨ 'ਚ ਦੱਸਿਆ,''ਬਹੁਤ ਦੁੱਖ ਦੀ ਗੱਲ ਹੈ ਕਿ ਗੋਲੀਬਾਰੀ 'ਚ 5 ਲੋਕਾਂ ਦੀ ਮੌਤ ਹੋ ਗਈ। ਬੈਂਕ 'ਚ ਲੋਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ।'' ਗੋਲੀਬਾਰੀ ਦੀ ਇਸ ਘਟਨਾ 'ਚ ਕਿੰਨੇ ਕੁ ਲੋਕ ਜ਼ਖਮੀ ਹੋਏ ਹਨ, ਇਨ੍ਹਾਂ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ।  

ਪੁਲਸ ਵਲੋਂ ਬੈਂਕ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਸ਼ੱਕੀ ਨੇ ਪੁਲਸ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ। ਸਥਾਨਕ ਮੀਡੀਆ ਮੁਤਾਬਕ ਸ਼ੱਕੀ ਹਮਲਾਵਰ ਦੀ ਪਛਾਣ 21 ਸਾਲਾ ਜੇਫੇਨ ਜੇਵਰ ਦੇ ਰੂਪ 'ਚ ਕੀਤੀ ਗਈ ਹੈ। ਫਲੋਰੀਡਾ ਦੇ ਗਵਰਨਰ ਰੋਨ ਡੀ ਸੈਂਟੀਸ ਨੇ ਸ਼ੱਕੀ ਹਮਲਾਵਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕੀਤੀ ਹੈ। ਸੈਂਟਰਲ ਫਲੋਰੀਡਾ ਦਾ ਸੇਬਰਿੰਗ ਇਲਾਕਾ ਓਰਲਾਂਡੋ ਤੋਂ 140 ਕਿਲੋਮੀਟਰ ਦੱਖਣ 'ਚ ਹੈ।

ਜ਼ਿਕਰਯੋਗ ਹੈ ਕਿ ਫਲੋਰੀਡਾ ਦੇ ਹਾਲ ਦੇ ਸਾਲਾਂ 'ਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਫਰਵਰੀ 2018 'ਚ ਪਾਰਕਲੈਂਡ ਦੇ ਇਕ ਹਾਈ ਸਕੂਲ 'ਚ ਇਕ ਨਾਬਾਲਗ ਨੇ 17 ਲੋਕਾਂ ਦਾ ਕਤਲ ਕਰ ਦਿੱਤਾ ਸੀ। ਇਸ ਦੇ ਇਲਾਵਾ ਜੂਨ 2016 'ਚ ਇਕ ਬੰਦੂਕਧਾਰੀ ਨੇ ਓਰਲਾਂਡੋ ਦੇ ਇਕ ਨਾਈਟ ਕਲੱਬ 'ਚ 49 ਲੋਕਾਂ ਦਾ ਕਤਲ ਕਰ ਦਿੱਤਾ ਸੀ। ਇਕ ਵਾਰ ਫਿਰ ਹੋਈ ਗੋਲੀਬਾਰੀ ਨੇ ਅਮਰੀਕੀ ਲੋਕਾਂ ਨੂੰ ਡਰਾ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹ ਜਨਤਕ ਥਾਵਾਂ 'ਤੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।