ਫਲੋਰੀਡਾ ਗੋਲੀਬਾਰੀ ''ਚ ਬੇਟੀ ਨੂੰ ਗੁਆਉਣ ਵਾਲੀ ਮਾਂ ਨੇ ਟਰੰਪ ਤੋਂ ਮੰਗਿਆ ਜਵਾਬ

02/16/2018 5:54:48 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਫਲੋਰੀਡਾ ਵਿਚ ਪਾਰਕਲੈਂਡ ਦੇ ਇਕ ਸਕੂਲ ਵਿਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿਚ 17 ਲੋਕਾਂ ਦੀ ਮੌਤ ਹੋ ਗਈ। ਇਸ ਮਗਰੋਂ ਪੂਰੇ ਦੇਸ਼ ਵਿਚ ਗੁੱਸਾ ਅਤੇ ਚਿੰਤਾ ਦਾ ਮਾਹੌਲ ਹੈ। ਇਸ ਗੋਲੀਬਾਰੀ ਵਿਚ ਆਪਣੀ 14 ਸਾਲਾ ਬੇਟੀ ਨੂੰ ਗੁਆਉਣ ਵਾਲੀ ਇਕ ਮਾਂ ਦਾ ਗੁੱਸਾ ਮੀਡੀਆ ਸਾਹਮਣੇ ਫੁੱਟ ਪਿਆ। ਲੋਰੀ ਅਲਹਾਡੇਫ ਨਾਂ ਦੀ ਔਰਤ ਨੇ ਕਿਹਾ,''ਰਾਸ਼ਟਰਪਤੀ ਡੋਨਾਲਡ ਟਰੰਪ ਕੁਝ ਕਰਨ! ਕੁਝ ਕਰਨ! ਸਾਨੂੰ ਕਾਰਵਾਈ ਦੀ ਤੁਰੰਤ ਲੋੜ ਹੈ। ਇਨ੍ਹਾਂ ਬੱਚਿਆਂ ਨੂੰ ਸੁਰੱਖਿਆ ਦੀ ਲੋੜ ਹੈ।'' 
ਰਾਸ਼ਟਰਪਤੀ ਟਰੰਪ ਨੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਅਮਰੀਕਾ ਵਿਚ ਤਬਾਹੀ ਮਚਾਉਣ ਵਾਲੀ ਬੰਦੂਕ ਹਿੰਸਾ ਦਾ ਜ਼ਿਕਰ ਨਹੀਂ ਕੀਤਾ ਸੀ। ਜਦਕਿ ਇਸ ਦੀ ਜਗ੍ਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਮਾਨਸਿਕ ਸਿਹਤ ਸਮੱਸਿਆਵਾਂ ਨੂੰ ਦੋਸ਼ੀ ਠਹਿਰਾਇਆ ਸੀ। ਟਰੰਪ ਨੇ ਇਕ ਵਾਰੀ ਵੀ 'ਬੰਦੂਕ' ਜਾਂ 'ਹਥਿਆਰ' ਦਾ ਜ਼ਿਕਰ ਆਪਣੇ ਸੰਬੋਧਨ ਵਿਚ ਨਹੀਂ ਕੀਤਾ ਸੀ। ਆਪਣੀ ਬੇਟੀ ਨੂੰ ਇਸ ਗੋਲੀਬਾਰੀ ਵਿਚ ਗੁਆਉਣ ਵਾਲੀ ਲੋਰੀ ਅਲਹਾਡੇਫ ਨੇ ਆਪਣੀਆਂ ਅੱਖਾਂ ਵਿਚ ਹੰਝੂ ਭਰੇ ਇਕ ਮਾਈਕ੍ਰੋਫੋਨ 'ਤੇ ਚੀਕਦੇ ਹੋਏ ਰਾਸ਼ਟਰਪਤੀ ਤੋਂ ਇਸ 'ਹਥਿਆਰ ਸੱਭਿਆਚਾਰ' ਤੋਂ ਨਜਿੱਠਣ ਦੀ ਅਪੀਲ ਕੀਤੀ।