ਟੈਕਸਾਸ ਮਸਜਿਦ 'ਚ ਅੱਗ ਲਾਉਣ ਵਾਲੇ ਦੋਸ਼ੀ ਵਿਰੁੱਧ ਸੁਣਵਾਈ ਸ਼ੁਰੂ, ਹੋ ਸਕਦੀ ਹੈ 20 ਸਾਲ ਦੀ ਸਜ਼ਾ

07/10/2018 6:14:08 PM

ਵਿਕਟੋਰੀਆ, ਟੈਕਸਾਸ (ਭਾਸ਼ਾ)— ਅਮਰੀਕਾ ਦੇ ਦੱਖਣੀ-ਪੂਰਬੀ ਟੈਕਸਾਸ ਵਿਚ ਇਕ ਮਸਜਿਦ ਵਿਚ ਅੱਗ ਲਾਉਣ ਦੇ 26 ਸਾਲਾ ਦੋਸ਼ੀ ਸ਼ਖਸ ਵਿਰੁੱਧ ਸੁਣਵਾਈ ਸ਼ੁਰੂ ਹੋ ਗਈ ਹੈ। ਸੰਘੀ ਵਕੀਲ ਸ਼ਰਦ ਖੰਡੇਲਵਾਲ ਨੇ ਦੱਸਿਆ ਕਿ ਮੁਸਲਮਾਨਾਂ ਨਾਲ 'ਘੋਰ ਨਫ਼ਰਤ' ਕਰਨ ਕਰ ਕੇ ਉਸ ਨੇ ਮਸਜਿਦ 'ਚ ਅੱਗ ਲਾਈ। ਉਨ੍ਹਾਂ ਨੇ ਦੋਸ਼ੀ ਮਾਰਕ ਵਿਨਲੈਂਟ ਪੈਰੇਜ਼ ਵਿਰੁੱਧ ਸੁਣਵਾਈ ਸ਼ੁਰੂ ਹੋਣ ਦੌਰਾਨ ਇਹ ਦਾਅਵਾ ਕੀਤਾ। ਪੈਰੇਜ਼ 'ਤੇ ਦੋਸ਼ ਹੈ ਕਿ ਉਸ ਨੇ ਜਨਵਰੀ 2017 'ਚ ਟੈਕਸਾਸ ਦੇ ਸ਼ਹਿਰ ਵਿਕਟੋਰੀਆ ਸਥਿਤ ਇਕ ਮਸਜਿਦ ਨੂੰ ਅੱਗ ਲਾ ਦਿੱਤੀ ਸੀ। ਉਸ ਨੇ ਅਜਿਹਾ ਨਫਰਤ ਫੈਲਾਉਣ ਦੇ ਇਰਾਦੇ ਕੀਤਾ ਸੀ।
ਓਧਰ ਸੰਘੀ ਕਾਨੂੰਨ ਇਨਫੋਰਸਮੈਂਟ ਅਧਿਕਾਰੀ ਨੇ ਇਸ ਤੋਂ ਪਹਿਲਾਂ ਬਿਆਨ ਦਿੱਤਾ ਸੀ ਕਿ ਖਬਰ ਮੁਤਾਬਕ ਪੈਰੇਜ਼ ਦਾ ਇਹ ਮੰਨਣਾ ਸੀ ਕਿ ਮਸਜਿਦ ਵਿਚ ਇਬਾਦਤ ਲਈ ਆਉਣ ਵਾਲੇ ਲੋਕ ਅੱਤਵਾਦੀ ਹਨ। ਅਧਿਕਾਰੀਆਂ ਨੇ ਪਿਛਲੇ ਸਾਲ ਪੈਰੇਜ਼ 'ਤੇ ਗੈਰ-ਰਜਿਸਟਰਡ ਖਤਰਨਾਕ ਯੰਤਰ ਰੱਖਣ ਦਾ ਵੀ ਦੋਸ਼ ਲਾਇਆ ਸੀ। ਅਧਿਕਾਰੀਆਂ ਮੁਤਾਬਕ ਜੇਕਰ ਪੈਰੇਜ਼ ਨੂੰ ਨਫ਼ਰਤ ਫੈਲਾਉਣ ਦੇ ਇਰਾਦੇ ਨਾਲ ਅਪਰਾਧ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ 20 ਸਾਲ ਜੇਲ ਦੀ ਸਜ਼ਾ ਹੋ ਸਕਦੀ ਹੈ।