ਟੋਰਾਂਟੋ ਦੀ ''ਓਲਡ ਸਿਟੀ ਹਾਲ'' ਇਮਾਰਤ ''ਚ ਲੱਗੀ ਅੱਗ

07/17/2018 1:44:13 PM

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ ਸਥਿਤ ਓਲਡ ਸਿਟੀ ਹਾਲ ਦੀ ਇਮਾਰਤ ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਇਹ ਘਟਨਾ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 8.00 ਵਜੇ ਵਾਪਰੀ। ਟੋਰਾਂਟੋ ਦੇ ਅੱਗ ਬੁਝਾਉ ਅਧਿਕਾਰੀ ਮੈਥਿਊ ਪੈਗ ਨੇ ਕਿਹਾ ਕਿ ਫਾਇਰ ਕਰਮਚਾਰੀਆਂ ਨੂੰ ਰਾਤ ਤਕਰੀਬਨ 8.00 ਵਜੇ ਇਮਾਰਤ 'ਚੋਂ ਧੂੰਆਂ ਨਿਕਲਣ ਦੀ ਰਿਪੋਰਟ ਮਿਲੀ, ਜਿਸ ਤੋਂ ਬਾਅਦ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਅੱਗ 'ਤੇ ਕਾਬੂ ਪਾਇਆ।


ਐਮਰਜੈਂਸੀ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਉਹ ਉੱਥੇ ਪੁੱਜੇ। ਮੈਥਿਊ ਪੈਗ ਨੇ ਦੱਸਿਆ ਕਿ ਇਮਾਰਤ ਦਾ ਕੁਝ ਹਿੱਸਾ ਨੁਕਸਾਨਿਆ ਗਿਆ ਪਰ ਅੱਗ ਬੁਝਾਉ ਸਿਸਟਮ ਨੇ ਅੱਗ ਨੂੰ ਵਧਣ ਤੋਂ ਬਚਾਇਆ। ਮੈਥਿਊ ਨੇ ਫਾਇਰ ਫਾਈਟਰਾਂ ਦੇ ਤੇਜ਼ੀ ਨਾਲ ਕੀਤੇ ਕੰਮ ਦੀ ਤਾਰੀਫ ਕੀਤੀ ਹੈ। ਓਧਰ ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਇਮਾਰਤ ਵਿਚ ਜਾਣ-ਬੁੱਝ ਕੇ ਅੱਗ ਲਾਈ ਗਈ। ਅੱਗ ਲੱਗਣ ਦੀ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਅਧਿਕਾਰੀਆਂ ਮੁਤਾਬਕ ਇਹ ਇਮਾਰਤ ਕਾਫੀ ਪੁਰਾਣੀ ਹੈ। ਓਂਟਾਰੀਓ ਫਾਇਰ ਕਰਮਚਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ 'ਚ ਜੁੱਟੇ ਹੋਏ ਹਨ।