ਬੇਟੇ ਨੂੰ ਬਚਾਉਣ ਲਈ ਮਗਰਮੱਛ ਨਾਲ ਭਿੜ ਗਿਆ ਪਿਤਾ

02/03/2019 5:32:16 PM

ਮਨੀਲਾ— ਫਿਲੀਪੀਨਸ 'ਚ ਇਕ ਪਿਤਾ ਨੇ ਆਪਣੇ ਬੇਟੇ ਨੂੰ ਮਗਰਮੱਛ ਦੇ ਚੁੰਗਲ ਤੋਂ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਪਿਤਾ ਮਗਰਮੱਛ ਦੇ ਪੈਰ 'ਤੇ ਉਦੋਂ ਤੱਕ ਕੱਟਦਾ ਰਿਹਾ ਜਦੋਂ ਤੱਕ ਉਸ ਨੇ ਉਸ ਦੇ ਬੇਟੇ ਨੂੰ ਛੱਡ ਨਹੀਂ ਦਿੱਤਾ। ਫਿਲਹਾਲ ਬੱਚੇ ਦਾ ਇਲਾਜ ਚੱਲ ਰਿਹਾ ਹੈ। ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਇਹ ਘਟਨਾ ਪਲਵਨ ਦੇ ਬਾਲਾਬਾਕ ਸ਼ਹਿਰ ਦੀ ਹੈ।

12 ਸਾਲ ਦਾ ਡਿਏਗੋ ਅਬੁਲਹਸਨ ਆਪਣੇ ਛੋਟੇ ਭਰਾ ਨਾਲ ਆਪਣੇ ਘਰ ਦੇ ਨੇੜੇ ਸਥਿਤ ਨਦੀ 'ਚ ਨਹਾਉਣ ਲਈ ਗਿਆ ਸੀ। ਇੰਨੇ ਨੂੰ ਇਕ ਮਗਰਮੱਛ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਖਿੱਚ ਕੇ ਪਾਣੀ ਦੇ ਅੰਦਰ ਲੈ ਗਿਆ। ਡਿਏਗੋ ਦੇ ਪਿਤਾ ਤੇਜਾਦਾ ਅਬੁਲਹਸਨ ਨੇ ਆਪਣੇ ਬੇਟੇ ਦੇ ਚੀਖਣ ਦੀ ਆਵਾਜ਼ ਸੁਣੀ ਤੇ ਤੇਜ਼ੀ ਨਾਲ ਨਦੀ ਵੱਲ ਭੱਜਿਆ। ਉਸ ਦੇ ਕੋਲ ਇਕ ਲਕੜੀ ਦਾ ਡੰਡਾ ਸੀ। ਉਨ੍ਹਾਂ ਨੇ ਡਿਏਗੋ ਨੂੰ ਬਚਾਉਣ ਲਈ ਕਈ ਵਾਰ ਮਗਰਮੱਛ 'ਤੇ ਵਾਰ ਕੀਤਾ ਪਰ ਮਗਰਮੱਛ ਨੇ ਬੱਚੇ ਨੂੰ ਨਹੀਂ ਛੱਡਿਆ।

ਜਦੋਂ ਕੋਈ ਹੋਰ ਰਸਤਾ ਨਾ ਲੱਭਿਆ ਤਾਂ ਉਸ ਨੇ ਮਗਰਮੱਛ ਦੇ ਪੈਰਾਂ 'ਤੇ ਦੰਦ ਵੱਡਣੇ ਸ਼ੁਰੂ ਕਰ ਦਿੱਤੇ। ਇੰਨੇ 'ਚ ਮਗਰਮੱਛ ਨੇ ਬੱਚੇ ਨੂੰ ਛੱਡ ਦਿੱਤਾ ਤੇ ਪਾਣੀ 'ਚ ਚਲਾ ਗਿਆ। ਇਸ ਤੋਂ ਬਾਅਦ ਅਬੁਲਹਸਨ ਨੇ ਆਪਣੇ ਬੇਟੇ ਨੂੰ ਪਾਣੀ 'ਚੋਂ ਕੱਢਿਆ ਤੇ ਹਸਪਤਾਲ ਲੈ ਗਏ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਕੋਲ ਸੋਚਣ ਦਾ ਸਮਾਂ ਨਹੀਂ ਸੀ। ਉਨ੍ਹਾਂ ਨੇ ਮਗਰਮੱਛ 'ਤੇ ਹਮਲਾ ਕਰ ਦਿੱਤਾ ਕਿਉਂਕਿ ਉਹ ਉਸ ਨੂੰ ਛੱਡ ਨਹੀਂ ਰਿਹਾ ਸੀ। ਸਥਾਨਕ ਪੁਲਸ ਦਾ ਕਹਿਣਾ ਹੈ ਕਿ ਪਿਤਾ ਦਾ ਬਹਾਦਰੀ ਦੇ ਕਾਰਨ ਹੀ ਬੱਚੇ ਦੀ ਜਾਨ ਬਚੀ ਹੈ।

Baljit Singh

This news is Content Editor Baljit Singh