39 ਹਫ਼ਤਿਆਂ ਤੱਕ ਲੜੀ ਕੋਰੋਨਾ ਨਾਲ ਜੰਗ, ਠੀਕ ਹੋ ਕੇ ਘਰ ਪਰਤਿਆ ਸ਼ਖ਼ਸ

12/26/2020 4:15:38 PM

ਰੋਮ, (ਕੈਂਥ)- ਇਟਲੀ ਦਾ 69 ਸਾਲਾ ਰਿਕਾਰਦੋ ਪਗਨੋਨੀ ਜੋ ਕਿ ਬੀਤੇ 39 ਹਫਤਿਆਂ (9 ਮਹੀਨੇ) ਤੋਂ ਵੱਧ ਹਸਪਤਾਲ ਵਿਚ ਕੋਰੋਨਾ ਵਾਇਰਸ ਨਾਲ ਲੜਾਈ ਲੜ ਰਿਹਾ ਸੀ, ਬੀਤੀ ਸ਼ਾਮ ਕੋਰੋਨਾ ਨਾਲ ਇਹ ਲੜਾਈ ਜਿੱਤ ਕੇ ਉਹ ਆਪਣੇ ਘਰ ਸਹੀ ਸਲਾਮਤ ਪਰਤ ਆਇਆ। 

ਜਾਣਕਾਰੀ ਅਨੁਸਾਰ ਰਿਕਾਰਦੋ ਪਗਨੋਨੀ ਜੋ ਕਿ ਇਟਲੀ ਦੇ ਕੌਰਤੇ ਫਰਾਂਕਾ ਦਾ ਰਹਿਣ ਵਾਲਾ ਹੈ, ਮਾਰਚ 2020 ਵਿੱਚ ਕੋਰੋਨਾ ਵਾਇਰਸ ਨਾਲ ਪੀੜਿਤ ਹੋ ਗਿਆ ਸੀ, ਹਸਪਤਾਲ ਦੇ ਵਾਰਡਾਂ ਵਿੱਚ ਸਾਲ ਦੇ ਤਿੰਨ ਤਿਹਾਈ ਹਿੱਸੇ ਕੱਟਣ ਤੋਂ ਬਾਅਦ ਰਿਕਾਰਦੋ ਆਖਰਕਾਰ ਕ੍ਰਿਸਮਸ ਤੋਂ ਇਕ ਦਿਨ ਪਹਿਲਾਂ ਆਪਣੇ ਘਰ ਵਾਪਸ ਪਰਤ ਆਇਆ। ਰਿਕਾਰਦੋ ਪਗਨੋਨੀ ਤੇਜ਼ ਬੁਖਾਰ ਅਤੇ ਸਾਹ ਦੀ ਸਮੱਸਿਆ ਕਾਰਨ ਹਸਪਤਾਲ ਦਾਖਲ ਹੋਇਆ ਸੀ। ਲੰਬੇ ਮਹੀਨਿਆਂ ਦੀ ਸਖਤ ਦੇਖਭਾਲ ਤੋਂ ਬਾਅਦ, ਉਸਦੀ ਸਿਹਤ ਦੇ ਹਾਲਾਤ ਹੌਲੀ-ਹੌਲੀ ਠੀਕ ਹੋਏ। 

ਇਸ ਦੌਰਾਨ ਉਸ ਦਾ 40 ਕਿਲੋ ਭਾਰ ਵੀ ਘੱਟ ਗਿਆ, ਜਦੋਂ ਰਿਕਾਰਦੋ ਠੀਕ ਹੋ ਕੇ ਘਰ ਪਰਤਿਆ ਤਾਂ ਇਕ ਸੁਰੱਖਿਅਤ ਦੂਰੀ ਤੇ ਉਸ ਦੇ ਘਰ ਵਿੱਚ ਉਸ ਦਾ ਪਰਿਵਾਰ ਅਤੇ ਕੁਝ ਦੋਸਤ ਇੰਤਜ਼ਾਰ ਕਰ ਰਹੇ ਸਨ, ਜਿਨ੍ਹਾਂ ਨੇ ਘਰ ਦੀ ਬਾਲਕੋਨੀ ਤੇ ਉਸ ਦੇ ਸਵਾਗਤ ਵਿਚ ਬੈਨਰ ਪ੍ਰਦਰਸ਼ਤ ਕੀਤੇ ਸਨ।  ਲੋਂਬਾਰਦੀਆ ਖੇਤਰ ਦੇ ਮੁਖੀ ਅਤੀਲੀਓ ਫੋਨਤਾਨਾ ਨੇ ਸ਼ੋਸ਼ਲ ਮੀਡੀਆ 'ਤੇ 69 ਸਾਲਾ ਰਿਕਾਰਦੋ ਦੇ ਠੀਕ ਹੋ ਕੇ ਘਰ ਪਰਤਣ ਤੇ ਖੁਸ਼ੀ ਜ਼ਾਹਿਰ ਕਰਦਿਆਂ ਹੋਇਆਂ ਕਿਹਾ ਕਿ ਇਕ ਪਤੀ, ਇਕ ਪਿਤਾ, ਇਕ ਦਾਦਾ ਦਾ ਘਰ ਆਉਣਾ ਕ੍ਰਿਸਮਸ ਦਾ ਸਭ ਤੋਂ ਵਧੀਆ ਤੋਹਫਾ ਹੈ ਅਤੇ ਇਸ ਤੋਹਫ਼ੇ ਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ। ਦੂਜੇ ਪਾਸੇ, ਉਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਵਲੋਂ ਬਹੁਤ ਖੁਸ਼ੀ ਜ਼ਾਹਰ ਕੀਤੀ ਗਈ।


Lalita Mam

Content Editor

Related News