ਮੰਗੇਤਰ ਨੂੰ ਮਿਲਣ ਦੀ ਤਾਂਘ 'ਚ ਬਿਨਾਂ ਪਾਸਪੋਰਟ ਦੇ ਭਾਰਤੀ ਕਰ ਬੈਠਾ ਇਹ ਕੰਮ

02/08/2018 10:51:35 AM

ਸ਼ਾਹਜਾਹ(ਬਿਊਰੋ)— ਵੈਲਨਟਾਈਨ-ਡੇਅ 'ਤੇ ਆਪਣੀ ਮੰਗੇਤਰ ਨੂੰ ਮਿਲਣ ਲਈ ਬੇਚੈਨ ਇਕ 26 ਸਾਲਾਂ ਭਾਰਤੀ ਇੰਜੀਨੀਅਰ ਚੋਰੀ ਨਾਲ ਯੂ. ਏ. ਈ ਦੇ ਸ਼ਾਰਜਾਹ ਕੌਮਾਂਤਰੀ ਹਵਾਈਅੱਡੇ ਦੇ ਰਨਵੇਅ ਵਿਚ ਦਾਖਲ ਹੋ ਗਿਆ। ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਹਾਲਾਂਕਿ ਬਾਅਦ ਵਿਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਉਥੇ ਹੀ ਉਸ ਨੇ ਕਿਹਾ ਕਿ ਉਸ ਨੂੰ ਆਪਣੇ ਕਿੱਤੇ 'ਤੇ ਕੋਈ ਪਛਤਾਵਾ ਨਹੀਂ ਹੈ, ਕਿਉਂਕਿ ਉਸ ਨੇ ਇਹ ਸਭ ਆਪਣੇ ਪਿਆਰ ਲਈ ਕੀਤਾ। ਮੀਡੀਆ ਰਿਪੋਰਟ ਮੁਤਾਬਕ ਇਸ ਸਿਵਲ ਇੰਜੀਨੀਅਰ ਦੀ ਪਛਾਣ ਆਰ. ਕੇ ਦੇ ਰੂਪ ਵਿਚ ਕੀਤੀ ਗਈ ਹੈ। ਜੋ ਬਿਨਾਂ ਪਾਸਪੋਰਟ ਦੇ ਹੀ ਜਹਾਜ਼ ਵਿਚ ਸਵਾਰ ਹੋਣ ਦੀ ਕੋਸ਼ਿਸ਼ ਵਿਚ ਹਵਾਈਅੱਡੇ ਦੀ ਕੰਧ ਟੱਪ ਕੇ ਰਨਵੇਅ 'ਤੇ ਪਹੁੰਚਿਆ ਸੀ।
ਮੈਂ ਇਕ ਆਜ਼ਾਦ ਇਨਸਾਨ ਹਾਂ ਅਤੇ ਮੇਰੀ ਜ਼ਿੰਦਗੀ ਸਿਰਫ ਮੇਰੀ ਹੈ—
ਇੰਜੀਨੀਅਰ ਨੇ ਇਕ ਸਥਾਨਕ ਨਿਊਜ਼ ਏਜੰਸੀ ਨੂੰ ਦੱਸਿਆ ਕਿ, ਮੈਂ ਇਕ ਆਜ਼ਾਦ ਇਨਸਾਨ ਹਾਂ ਅਤੇ ਮੇਰੀ ਜ਼ਿੰਦਗੀ ਸਿਰਫ ਮੇਰੀ ਹੈ। ਮੈਂ ਇਹ ਸਭ ਇਸ ਲਈ ਕੀਤਾ ਕਿਉਂਕਿ ਮੈਂ ਆਪਣੀ ਮੰਗੇਤਰ ਨੂੰ ਮਿਲਣ ਲਈ ਭਾਰਤ ਵਾਪਸ ਜਾਣਾ ਚਾਹੁੰਦਾ ਸੀ। ਮੈਨੂੰ ਇਸ ਦੀ ਬਿਲਕੁੱਲ ਚਿੰਤਾ ਨਹੀਂ ਸੀ ਕਿ ਇਸ ਲਈ ਮੈਨੂੰ ਕੀ ਕਿਮਤ ਦੇਣੀ ਪਏਗੀ।
ਕੰਪਨੀ ਨੇ ਜਬਤ ਕੀਤਾ ਪਾਸਪੋਰਟ—
ਸ਼ਾਰਜਾਹ ਸ਼ਰੀਆ ਅਦਾਲਤ ਵਿਚ ਸੁਣਵਾਈ ਦੌਰਾਨ ਜੱਜ ਮਹਿਮੂਦ ਅਬੂ ਬੇਕਰ ਨੂੰ ਦੋਸ਼ੀ ਨੇ ਦੱਸਿਆ ਕਿ ਘਟਨਾ ਦੇ ਦਿਨ ਉਹ ਆਪਣੇ ਫਲੈਟ ਵਿਚ ਆਪਣਾ ਸਾਰਾ ਸਮਾਨ ਛੱਡ ਕੇ ਆਪਣਾ ਪਰਸ ਲੈ ਕੇ ਰਾਤ ਨੂੰ ਹੀ ਹਵਾਈ ਅੱਡੇ 'ਤੇ ਪਹੁੰਚਿਆ ਅਤੇ ਉਹ ਕੰਡਿਆਲੀ ਤਾਰ 'ਤੇ ਚੜ੍ਹ ਕੇ ਰਨਵੇਅ ਵਿਚ ਦਾਖਲ ਹੋਇਆ। ਫਿਰ ਉਸ ਨੇ ਜਹਾਜ਼ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇੰਜੀਨੀਅਰ ਨੇ ਅੱਗੇ ਦੱਸਿਆ ਕਿ ਉਹ ਟਿਕਟ ਨਹੀਂ ਖਰੀਦ ਸਕਦਾ ਹੈ, ਕਿਉਂਕਿ ਉਸ ਦਾ ਪਾਸਪੋਰਟ ਕੰਪਨੀ ਨੇ ਜਬਤ ਕਰ ਲਿਆ ਹੈ। ਇਸ ਲਈ ਉਸ ਨੇ ਤੈਅ ਕੀਤਾ ਕਿ ਉਹ ਬਿਨਾਂ ਪਾਸਪੋਰਟ ਦੇ ਹੀ ਯਾਤਰਾ ਕਰੇਗਾ। ਜੇਕਰ ਉਹ ਫੜਿਆ ਜਾਂਦਾ ਹੈ ਤਾਂ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਿੱਥੋਂ ਉਸ ਨੂੰ ਆਪਣਾ ਪਾਸਪੋਰਟ ਮਿਲ ਜਾਏਗਾ। ਇਸ ਤੋਂ ਬਾਅਦ ਅਦਾਲਤ ਚਾਹੇ ਤਾਂ ਉਸ ਨੂੰ ਡਿਪੋਰਟ ਕਰ ਦੇਵੇ।
ਮੈਂ ਆਪਣੀ ਮੰਗੇਤਰ ਬਿਨਾਂ ਨਹੀਂ ਰਹਿ ਸਕਦਾ—
ਆਰ. ਕੇ ਅੱਗੇ ਦੱਸਿਆ ਕਿ ਮੈਂ ਆਪਣੀ ਮੰਗੇਤਰ ਦੇ ਬਿਨਾਂ ਨਹੀਂ ਰਹਿ ਸਕਦਾ ਹਾਂ। ਮੈਂ ਆਪਣੇ ਮਾਤਾ-ਪਿਤਾ ਨੂੰ ਆਪਣੇ ਵਿਆਹ ਲਈ ਤਿਆਰ ਕਰਨਾ ਚਾਹੁੰਦਾ ਹਾਂ। ਉਥੇ ਹੀ ਕੁੜੀ ਦੇ ਮਾਤਾ-ਪਿਤਾ ਨੂੰ ਸਾਡੇ ਦੋਵਾਂ ਦੇ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ। ਆਰ. ਕੇ ਨੇ ਕਿਹਾ ਕਿ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਕੋਈ ਪਛਤਾਵਾ ਨਹੀਂ ਹੈ। ਉਹ ਘਰ ਜਾਣਾ ਚਾਹੁੰਦਾ ਹੈ ਅਤੇ ਵਿਆਹ ਕਰਨਾ ਚਾਹੁੰਦਾ ਹੈ।