ਕੈਨੇਡਾ : ਕੋਵਿਡ-19 ਦੌਰਾਨ ਬਹੁਤ ਘੱਟ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋਏ

08/09/2020 11:38:55 AM

ਕੈਲਗਰੀ- ਕੋਰੋਨਾ ਵਾਇਰਸ ਦੌਰਾਨ ਕੈਨੇਡਾ ਵਿਚ ਪ੍ਰੀਮੈਚਿਓਰ ਬੱਚਿਆਂ ਭਾਵ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਦੀ ਜਨਮ ਦਰ ਵਿਚ ਕਾਫੀ ਕਮੀ ਆਈ ਹੈ, ਜੋ ਕਿ ਚੰਗੀ ਗੱਲ ਹੈ। ਸਮੇਂ ਤੋਂ ਪਹਿਲਾਂ ਹੋਣ ਵਾਲਿਆਂ ਬੱਚਿਆਂ ਨੂੰ ਕਈ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਸੀ ਤੇ ਉਨ੍ਹਾਂ ਨੂੰ ਕਾਫੀ ਸਮੇਂ ਤਕ ਹਸਪਤਾਲਾਂ ਵਿਚ ਰੱਖਣਾ ਪੈਂਦਾ ਸੀ। ਜ਼ਿਆਦਾਤਰ ਗਰਭਵਤੀ ਜਨਾਨੀਆਂ 9 ਮਹੀਨੇ ਪੂਰੇ ਹੋਣ ਤੋਂ ਪਹਿਲਾਂ ਹੀ ਬੱਚਿਆਂ ਨੂੰ ਜਨਮ ਦੇ ਦਿੰਦੀਆਂ ਸਨ। ਮੈਨੀਟੋਬਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਇੱਕ ਸਮੂਹ ਇਸ 'ਤੇ ਰਿਸਰਚ ਕਰ ਰਿਹਾ ਹੈ। ਉਹ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਸ਼ਾਇਦ ਕੋਰੋਨਾ ਵਾਇਰਸ ਕਾਲ ਦੌਰਾਨ ਲੋਕਾਂ ਦੀ ਜ਼ਿੰਦਗੀ, ਰਹਿਣ-ਸਹਿਣ ਤੇ ਖਾਣ-ਪੀਣ ਵਿਚ ਆਈ ਤਬਦੀਲੀ ਕਾਰਨ ਅਜਿਹਾ ਹੋ ਰਿਹਾ ਹੈ। 

ਹਸਪਤਾਲਾਂ ਨੇ ਨੋਟਿਸ ਕੀਤਾ ਕਿ ਸਮੇਂ ਤੋਂ ਪਹਿਲਾਂ ਹੋਣ ਵਾਲੇ ਬੱਚਿਆਂ ਦੀ ਜਨਮ ਦਰ ਵਿਚ ਕਾਫੀ ਗਿਰਾਵਟ ਆਈ ਹੈ। ਕੈਲਗਰੀ ਵਿਚ 37 ਫੀਸਦੀ, ਐਡਮਿੰਟਨ ਵਿਚ 20 ਫੀਸਦੀ, ਓਟਾਵਾ ਵਿਚ 30 ਫੀਸਦੀ ਤੇ ਹੈਲਿਫੈਕਸ ਵਿਚ 80 ਫੀਸਦੀ ਗਿਰਾਵਟ ਆਈ ਹੈ। ਹੈਲੀਫੈਕਸ ਵਿਚ ਆਈ. ਡਬਲਊ. ਕੇ . ਸਿਹਤ ਕੇਂਦਰ ਦੇ ਇਕ ਨਿਊਨਆਟੋਲੋਜਿਸਟ ਡਾ. ਜੋਨ ਮੁਤਾਬਕ ਇਹ ਨਿਸ਼ਚਤ ਰੂਪ ਵਿਚ ਹੈਰਾਨੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੱਗਦਾ ਸੀ ਕਿ ਕੋਰੋਨਾ ਵਾਇਰਸ ਕਾਲ ਦੌਰਾਨ ਗਰਭਵਤੀ ਜਨਾਨੀਆਂ ਨੂੰ ਮਾਨਸਿਕ ਤਣਾਅ ਵੱਧ ਜਾਵੇਗਾ ਤੇ ਇਸ ਨਾਲ ਸਥਿਤੀ ਖਰਾਬ ਹੋ ਜਾਵੇਗੀ ਪਰ ਇਹ ਤਾਂ ਪਹਿਲਾਂ ਨਾਲੋਂ ਬਿਹਤਰ ਹੋ ਗਿਆ। 

ਅਜਿਹੇ ਮਾਮਲਿਆਂ ਵਿਚ ਡੈਨਮਾਰਕ ਨੇ 90 ਫੀਸਦੀ ਗਿਰਾਵਟ ਦਰਜ ਕੀਤੀ ਹੈ। ਅਮਰੀਕਾ-ਆਸਟਰੇਲੀਆ ਵਿਚ ਘੱਟ ਭਾਰ ਵਾਲੇ ਬੱਚਿਆਂ ਦੀ ਦਰ 70 ਫੀਸਦੀ ਘਟੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹਰ ਸਾਲ 3100 ਬੱਚੇ ਸਮੇਂ ਤੋਂ ਪਹਿਲਾਂ ਜਨਮ ਲੈਂਦੇ ਹਨ। ਪਿਛਲੇ ਸਾਲ ਕੈਲਗਰੀ ਵਿਚ ਮਾਰਚ ਤੋਂ ਮੱਧ ਜੂਨ ਤੱਕ 39 ਬੱਚੇ ਸਮੇਂ ਤੋਂ ਪਹਿਲਾਂ ਜੰਮੇ ਸਨ ਪਰ ਇਸ ਵਾਰ ਸਿਰਫ 20 ਬੱਚੇ ਜੰਮੇ ਹਨ, ਜੋ ਕਿ ਵੱਡਾ ਫਰਕ ਹੈ। 


Lalita Mam

Content Editor

Related News