ਸਾਊਥਾਲ ''ਚ ਪੰਜਾਬਣਾਂ ਵਲੋਂ ਤੀਆਂ ਦੇ ਮੇਲੇ ਦਾ ਆਖਰੀ ਦਿਨ 19 ਅਗਸਤ ਨੂੰ

08/16/2018 9:33:42 PM

ਸਾਊਥਾਲ (ਰਾਜਵੀਰ ਸਮਰਾ)- ਇਥੇ ਔਰਤਾਂ ਦੀ ਆਵਾਜ਼ (ਵਾਇਸ ਆਫ ਵੂਮੈਨ) ਸੰਸਥਾ ਦੀਆਂ ਸੰਚਾਲਕ ਸੁਰਿੰਦਰ ਕੌਰ ਤੂਰ, ਅਵਤਾਰ ਕੌਰ ਚਾਨਾ ਤੇ ਸ਼ਿਵਦੀਪ ਕੌਰ ਢੇਸੀ ਵਲੋਂ 29 ਜੁਲਾਈ ਤੋਂ ਨੌਰਵੁਡ ਹਾਲ ਦੀ ਗਰਾਉਂਡ ਵਿਚ ਹਰ ਐਤਵਾਰ ਨੂੰ ਤੀਆਂ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ।

19 ਅਗਸਤ ਨੂੰ ਤੀਆਂ ਦੀ ਵਿਦਾਇਗੀ ਬੋਲੀਆਂ ਪਾ ਕੇ ਕੀਤੀ ਜਾਵੇਗੀ। ਮੇਲੇ ਵਿਚ ਹਰ ਐਤਵਾਰ ਔਰਤਾਂ ਵਲੋਂ ਗਿੱਧੇ ਦੀਆਂ ਵੱਖ-ਵੱਖ ਵੰਨਗੀਆਂ ਦੇ ਨਾਲ-ਨਾਲ ਲੋਕ ਗੀਤ ਤੀਆਂ ਦਾ ਸੰਧਾਰਾ ਅਤੇ ਮੇਲ ਗੇਲ ਗਰੁੱਪ ਦੀਆਂ ਔਰਤਾਂ ਵਲੋਂ ਬੜੇ ਧੜੱਲੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ।

ਤੀਆਂ ਦੇ ਮੇਲੇ ਦੀ ਸ਼ੁਰੂਆਤ ਦਲਜੀਤ ਅਟਵਾਲ ਵਲੋਂ ਢੋਲ ਤੇ ਡਗੇ ਲਾ ਕੇ ਕੀਤੀ ਗਈ ਸੀ ਤੇ ਬੋਲੀਆਂ ਵੀ ਢੋਲ ਦੇ ਡਗੇ ਦੀ ਥਾਪ ਤੇ ਪੈਣਗੀਆਂ। ਤੀਆਂ ਦੀ ਵਿਦਾਇਗੀ ਵਿਚ ਦੂਰੋਂ-ਦੂਰੋਂ ਔਰਤਾਂ ਪਹੁੰਚ ਰਹੀਆਂ ਹਨ। ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਵਾਲੇ ਇਸ ਮੇਲੇ ਦੌਰਾਨ ਦਰਸ਼ਕਾਂ ਲਈ ਚਾਹ ਪਕੌੜਿਆਂ ਤੇ ਲੱਡੂਆਂ ਦਾ ਵੀ ਪ੍ਰਬੰਧ ਹੈ।