ਪਿਤਾ ਨੇ ਫਰੋਲਿਆ ਦੁੱਖ, ਕਿਹਾ— ਪਹਿਲੀ ਵਾਰ ਦੇਣੀ ਪਈ ਅਜਿਹੀ ਅੱਗਨੀ ਪ੍ਰੀਖਿਆ

11/16/2017 6:08:29 PM

ਕੁਈਨਜ਼ਲੈਂਡ (ਬਿਊਰੋ)— ਕੁਈਨਜ਼ਲੈਂਡ ਦੇ ਸ਼ਹਿਰ ਟੁਬੂਮਬਾ 'ਚ ਬੀਤੇ ਮੰਗਲਵਾਰ ਨੂੰ ਇਕ ਘਰ 'ਚ ਅੱਗ ਲੱਗਣ ਕਾਰਨ ਪਿਤਾ ਸਮੇਤ 2 ਮਾਸੂਮ ਬੱਚੇ ਝੁਲਸ ਗਏ। 2 ਮਾਸੂਮ ਭਰਾ ਸਨ ਅਤੇ ਇਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ ਹੈ। ਦੋਹਾਂ ਮਾਸੂਮਾਂ ਦੀ ਉਮਰ 3 ਅਤੇ 4 ਸਾਲ ਦਰਮਿਆਨ ਹੈ। ਅੱਗ ਵਿਚ 34 ਸਾਲਾ ਪਿਤਾ ਨਾਰਥਨ ਪੈਰੀ ਵੀ ਗੰਭੀਰ ਰੂਪ ਨਾਲ ਝੁਲਸ ਗਿਆ। ਉਸ ਨੇ ਅੱਗ ਲੱਗਣ ਦੀ ਘਟਨਾ ਨੂੰ ਬਿਆਨ ਕੀਤਾ ਹੈ। ਨਾਰਥਨ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਗ 'ਚ ਉਨ੍ਹਾਂ ਦੇ ਇਕ ਪੁੱਤਰ ਦੀ ਮੌਤ ਨੇ ਉਨ੍ਹਾਂ ਦਾ ਦਿਲ ਤੋੜ ਦਿੱਤਾ। ਨਾਰਥਨ ਨੇ ਦੱਸਿਆ ਕਿ ਪਹਿਲੀ ਵਾਰ ਉਨ੍ਹਾਂ ਨੂੰ ਇੰਨੀ ਭਿਆਨਕ ਅੱਗਨੀ ਪ੍ਰੀਖਿਆ 'ਚੋਂ ਲੰਘਣਾ ਪਿਆ।


ਪਿਤਾ ਨਾਰਥਨ ਨੇ ਇਸ ਦਰਦ ਭਰੀ ਘਟਨਾ ਨੂੰ ਬਿਆਨ ਕਰਦੇ ਹੋਏ ਕਿਹਾ ਕਿ ਮੈਂ ਅਤੇ ਮੇਰੇ ਦੋਵੇਂ ਪੁੱਤਰ— ਜੇਰੇਮੀ ਪੈਰੀ ਅਤੇ ਬਲੇਡ ਪੈਰੀ ਘਰ ਅੰਦਰ ਸੌਂ ਰਹੇ ਸਨ। ਮੈਂ ਧੂੰਏ ਦੀ ਗੰਧ ਆਉਣ 'ਤੇ ਜਾਗਿਆ ਅਤੇ ਬੈਡਰੂਮ ਅੰਦਰ ਗਿਆ। ਅੱਗ ਨੇ ਪੂਰੇ ਬੈੱਡਰੂਮ ਨੂੰ ਘੇਰ ਲਿਆ ਅਤੇ ਮੇਰੇ ਦੋਵੇਂ ਪੁੱਤਰ 90 ਫੀਸਦੀ ਤੱਕ ਝੁਲਸ ਗਏ। ਮੈਨੂੰ ਆਪਣੇ ਬੱਚਿਆਂ ਨੂੰ ਕਿਸੇ ਤਰ੍ਹਾਂ ਸੁਰੱਖਿਆ ਬਾਹਰ ਕੱਢਣਾ ਸੀ, ਇਸ ਲਈ ਅੱਗ ਦੀਆਂ ਲਪਟਾਂ 'ਚ ਹੀ ਮੈਂ ਦੋਹਾਂ ਨੂੰ ਬਾਹਰ ਖਿੱਚਿਆ। 


ਨਾਰਥਨ ਨੇ ਅੱਗੇ ਦੱਸਿਆ ਕਿ ਇਸ ਅੱਗ 'ਚ ਉਸ ਦੀਆਂ ਦੋਵੇਂ ਬਾਂਹਾਂ ਅਤੇ ਮੂੰਹ ਝੁਲਸ ਗਿਆ। ਸਾਨੂੰ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਦੋਹਾਂ ਬੱਚਿਆਂ ਦੀ ਮਾਂ ਘਰ ਵਿਚ ਮੌਜੂਦ ਨਹੀਂ ਸੀ। ਉਹ ਆਪਣੀ ਇਕ ਦੋਸਤ ਦੇ ਘਰ ਡਾਲਬੀ ਗਈ ਹੋਈ ਸੀ। ਘਰ ਵਿਚ ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਉਹ ਘਰ ਆਈ। ਉਸ ਨੇ ਦੱਸਿਆ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖਰਾਬ ਦਿਨ ਸੀ। ਇਕ ਪੁੱਤਰ ਦੀ ਮੌਤ ਕਾਰਨ ਦੋਵੇਂ ਪਤੀ-ਪਤਨੀ ਦੁੱਖੀ ਹਨ। ਬਲੇਡ ਦਾ ਭਰਾ ਜੇਰੇਮੀ ਹਸਪਤਾਲ 'ਚ ਇਸ ਸਮੇਂ ਕੋਮਾ ਵਿਚ ਹੈ। ਨਾਰਥਨ ਰਹਿਣ ਲਈ ਥਾਂ ਲੱਭ ਰਹੇ ਹਨ।