ਅਸ਼ਵੇਤ ਅਹਿਮਦ ਆਰਬਰੀ ਦੀ ਹੱਤਿਆ ਦੇ ਦੋਸ਼ ''ਚ ਪਿਓ-ਪੁੱਤ ਗਿ੍ਰਫਤਾਰ, ਪਹੁੰਚੇ ਜੇਲ

05/08/2020 11:11:28 PM

ਸਵਾਨਾ (ਏਜੰਸੀ) - ਅਮਰੀਕਾ ਦੇ ਜਾਰਜ਼ੀਆ ਵਿਚ ਇਕ ਸ਼ਵੇਤ (ਗੋਰੇ ਲੋਕ) ਪਿਓ ਅਤੇ ਪੁੱਤ ਨੂੰ ਇਕ ਅਸ਼ਵੇਤ ਨੌਜਵਾਨ (ਕਾਲੇ ਲੋਕ) ਦੀ ਹੱਤਿਆ ਕਰਨ ਦੇ ਦੋਸ਼ ਵਿਚ ਜੇਲ ਵਿਚ ਸੁੱਟ ਦਿੱਤਾ ਗਿਆ। 2 ਮਹੀਨੇ ਤੋਂ ਵੀ ਜ਼ਿਆਦਾ ਸਮੇਂ ਬਾਅਦ ਉਨ੍ਹਾਂ 'ਤੇ ਅਹਿਮਦ ਆਰਬਰੀ (25) ਦੀ ਹੱਤਿਆ ਨੂੰ ਲੈ ਕੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਗਿਆ। ਫਰਵਰੀ ਵਿਚ ਬਰੂੰਸਵਿਕ ਦੇ ਬਾਹਰ ਇਕ ਰਿਹਾਇਸ਼ੀ ਕਾਲੋਨੀ ਵਿਚ ਇਨਾਂ ਪਿਓ-ਪੁੱਤ ਨੇ ਪਹਿਲਾਂ ਟਰੱਕ ਤੋਂ ਆਰਬਰੀ ਦਾ ਪਿੱਛਾ ਕੀਤਾ ਸੀ ਅਤੇ ਫਿਰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਦੀ ਵੀਡੀਓ ਰਿਲੀਜ਼ ਹੋਣ ਤੋਂ ਬਾਅਦ ਇਸ ਹਫਤੇ ਇਸ ਮਾਮਲੇ 'ਤੇ ਦੇਸ਼ ਭਰ ਵਿਚ ਗੁੱਸਾ ਪੈਦਾ ਹੋਇਆ ਸੀ।

ਦੋਹਾਂ ਨੂੰ ਜੇਲ ਵਿਚ ਪਾਏ ਜਾਣ 'ਤੇ ਆਰਬਰੀ ਦੇ ਕਰੀਬੀਆਂ ਨੇ ਖੁਸ਼ੀ ਜਤਾਈ ਪਰ ਲੰਬੇ ਇੰਤਜ਼ਾਰ 'ਤੇ ਨਰਾਜ਼ਗੀ ਵੀ ਜ਼ਾਹਿਰ ਕੀਤੀ। ਉਸ ਦੇ ਦੋਸਤ ਅਕੀਮ ਬੇਕਰ ਨੇ ਆਖਿਆ ਕਿ ਜਿਸ ਦਿਨ ਇਹ ਵਾਰਦਾਤ ਹੋਈ, ਇਹ ਗਿ੍ਰਫਤਾਰੀ ਉਸੇ ਦਿਨ ਹੀ ਹੋ ਜਾਣੀ ਚਾਹੀਦੀ ਸੀ। ਆਰਬਰੀ ਦੀ ਮਾਂ ਵਾਂਡਾ ਕੂਪਰ ਜੋਂਸ ਨੇ ਕਿਹਾ ਕਿ ਉਹ ਸਮਝਦੀ ਹੈ ਕਿ ਜਿਸ ਐਤਵਾਰ ਦੁਪਹਿਰ ਨੂੰ ਉਨਾਂ ਦੇ ਪੁੱਤਰ (ਸਾਬਕਾ ਫੁੱਟਬਾਲ ਖਿਡਾਰੀ) ਦੀ ਹੱਤਿਆ ਕੀਤੀ ਗਈ, ਉਸ ਤੋਂ ਪਹਿਲਾਂ ਉਹ ਸਤੀਲਾ ਸ਼ੋਰਸ ਇਲਾਕੇ ਵਿਚ ਸਿਰਫ ਸੈਰ ਕਰ ਰਿਹਾ ਸੀ। ਆਰਬਰੀ ਦੇ ਪਿਤਾ ਮਾਰਕਸ ਆਰਬਰੀ ਦੇ ਵਕੀਲ ਬੇਂਜਾਮਿਨ ਕਰੰਪ ਨੇ ਆਖਿਆ ਕਿ ਗਿ੍ਰਫਤਾਰੀ ਵਿਚ ਇੰਨਾ ਸਮਾਂ ਲੱਗਣਾ ਅਪਮਾਨਜਨਕ ਹੈ। ਉਨ੍ਹਾਂ ਨੇ ਇਕ ਬਿਆਨ ਵਿਚ ਆਖਿਆ ਕਿ ਇਹ ਇਨਸਾਫ ਦੀ ਦਿਸ਼ਾ ਵਿਚ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੱਤਿਆਰੇ ਪਿਓ ਅਤੇ ਪੁੱਤ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲਿਆ। ਇਹ ਇਨਸਾਫ ਦਾ ਮਜ਼ਾਕ ਉਡਾਉਣਾ ਹੀ ਹੈ ਕਿ ਉਹ ਇਕ-ਇਕ ਅਸ਼ੇਵਤ ਨੌਜਵਾਨ ਦੀ ਜਾਨ ਲੈਣ ਤੋਂ ਬਾਅਦ 74 ਦਿਨ ਤੱਕ ਆਜ਼ਾਦ ਘੁੰਮਦੇ ਰਹੇ। ਗ੍ਰੇਗਰੀ ਮੈਕਮਾਇਕਲ ਅਤੇ ਉਸ ਦੇ 34 ਸਾਲਾ ਪੁੱਤਰ ਟ੍ਰੈਵਿਸ ਮੈਕਮਾਇਕਲ ਨੂੰ ਹੱਤਿਆ ਅਤੇ ਹਮਲੇ ਦੇ ਦੋਸ਼ ਵਿਚ ਜੇਲ ਵਿਚ ਪਾ ਦਿੱਤਾ ਗਿਆ ਹੈ। ਜੀ. ਬੀ. ਆਈ. ਦੇ ਬਿਆਨ ਮੁਤਾਬਕ, ਟ੍ਰੈਵਿਸ ਮੈਕਮਾਇਕਲ ਨੇ ਗੋਲੀ ਮਾਰ ਕੇ ਆਰਬਰੀ ਦੀ ਜਾਨ ਲੈ ਲਈ।

Khushdeep Jassi

This news is Content Editor Khushdeep Jassi