ਆਸਟ੍ਰੇਲੀਆ ਦੇ ਉੱਚੇ ਪਹਾੜਾਂ ਤੋਂ ਗੂੰਜਿਆ ਕਿਸਾਨਾਂ ਦੇ ਹੱਕ ''ਚ ਨਾਅਰਾ

01/22/2021 3:59:07 PM

ਮੈਲਬੌਰਨ, (ਮਨਦੀਪ ਸਿੰਘ ਸੈਣੀ )-  ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿਚ ਚੱਲ ਰਹੇ ਕਿਸਾਨ ਮੋਰਚੇ ਵਿਚ ਹਰ ਕੋਈ ਆਪੋ-ਆਪਣਾ ਢੰਗ ਨਾਲ ਯੋਗਦਾਨ ਪਾ ਰਿਹਾ ਹੈ । ਵਿਦੇਸ਼ਾਂ ਵਿਚ ਕਿਸਾਨਾਂ ਦੇ ਹੱਕ ਵਿਚ ਰੋਸ ਮੁਜ਼ਾਹਰੇ, ਰੈਲੀਆਂ ਅਤੇ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ । ਇਸੇ ਸੰਘਰਸ਼ ਮੋਰਚੇ ਦੀ ਹਿਮਾਇਤ ਵਿਚ ਇਕ ਨਿਵੇਕਲਾ ਉੱਦਮ ਕਰਦਿਆਂ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਦੋ ਨੌਜਵਾਨਾਂ ਨੇ ਮੁਲਕ ਦੇ ਸਭ ਤੋਂ ਉੱਚੇ ਪਹਾੜ 'ਮਾਊਂਟ ਕੁੱਜ਼ਿਆਸਕੋ' 'ਤੇ ਜਾ ਕੇ ਕਿਸਾਨਾਂ ਦੇ ਹੱਕ ਵਿਚ ਨਾਅਰਾ ਬੁਲੰਦ ਕੀਤਾ । 

ਗੁਰਪ੍ਰੀਤ ਸਿੰਘ ਗਿੱਲ ਅਤੇ ਮਨਦੀਪ ਜਸਵਾਲ ਨਾਂ ਦੇ ਨੌਜਵਾਨਾਂ ਨੇ 24 ਕਿਲੋਮੀਟਰ ਦਾ ਸਫ਼ਰ 9 ਘੰਟਿਆਂ ਵਿਚ ਪੂਰਾ ਕੀਤਾ । ਉਨ੍ਹਾਂ ਦੱਸਿਆ ਕਿ ਇਹ ਸਫ਼ਰ ਜ਼ੋਖ਼ਮ ਭਰਿਆ ਸੀ । ਖ਼ਰਾਬ ਮੌਸਮ, ਤੇਜ਼ ਹਵਾਵਾਂ ਅਤੇ ਪਥਰੀਲਾ ਰਸਤਾ ਹੋਣ ਕਾਰਨ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਉਨ੍ਹਾਂ ਨੇ ਇਸ ਮੁਕਾਮ ਨੂੰ ਹਾਸਲ ਕੀਤਾ । 

ਇਹ ਨੌਜਵਾਨ ਕਿਸਾਨੀ ਸੰਘਰਸ਼ ਮੋਰਚੇ ਅਤੇ ਖ਼ਾਲਸਾ ਏਡ ਦੀ ਹਿਮਾਇਤ ਵਾਲੀਆਂ ਤਖ਼ਤੀਆਂ ਅਤੇ ਪੋਸਟਰ ਲੈ ਕੇ ਇਨ੍ਹਾਂ ਪਹਾੜਾਂ 'ਤੇ ਪੁੱਜੇ ਅਤੇ ਕਿਸਾਨੀ ਸਮਰਥਨ ਦਾ ਪ੍ਰਗਟਾਵਾ ਕੀਤਾ  ਪੰਜਾਬ ਦੇ ਫਗਵਾੜਾ ਨਾਲ ਸਬੰਧਤ ਇਨ੍ਹਾਂ ਨੌਜਵਾਨਾਂ ਮੁਤਾਬਕ ਇਹ ਸਫ਼ਰ ਸੰਘਰਸ਼ ਮੋਰਚੇ ਵਿੱਚ ਜੁੜੇ ਬਜ਼ੁਰਗਾਂ, ਬੀਬੀਆਂ, ਨੌਜਵਾਨਾਂ ਅਤੇ ਬੱਚਿਆਂ ਨੂੰ ਸਮਰਪਤ ਸੀ । 

ਜ਼ਿਕਰਯੋਗ ਹੈ ਕਿ 'ਮਾਊਂਟ ਕੁੱਜ਼ਿਆਸਕੋ' ਆਸਟ੍ਰੇਲੀਆ ਦੇ ਸਭ ਤੋਂ ਉੱਚੇ ਪਹਾੜ ਵਜੋਂ ਮਸ਼ਹੂਰ ਹੈ ਅਤੇ ਇਸ ਦੀ ਸਮੁੰਦਰੀ ਤਲ ਤੋਂ ਉਚਾਈ 2,228 ਮੀਟਰ ਹੈ। ਇਹ ਪਹਾੜ ਕੈਨਬਰਾ ਤੋਂ ਤਕਰੀਬਨ 250 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹਨ । ਇਨ੍ਹਾਂ ਨੌਜਵਾਨਾਂ ਵੱਲੋਂ ਕੀਤੇ ਗਏ ਇਸ ਨਿਵੇਕਲੇ ਉੱਦਮ ਦੀ ਪੰਜਾਬੀ ਭਾਈਚਾਰੇ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ।

Lalita Mam

This news is Content Editor Lalita Mam