ਇਸ ਸ਼ਾਨਦਾਰ ਘਰ ਦਾ ਮਾਲਕ ਬਨਣ ਲਈ ਦੇਣਾ ਪਵੇਗਾ ਸਿਰਫ ਇਕ ਸਵਾਲ ਦਾ ਜਵਾਬ

10/15/2017 10:33:08 AM

ਲੰਡਨ (ਬਿਊਰੋ)— ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਘਰ ਸ਼ਾਨਦਾਰ ਹੋਵੇ। ਜਦਕਿ ਇਕ ਸ਼ਾਨਦਾਰ ਘਰ ਬਣਾਉਣ ਲਈ ਲੱਖਾਂ ਰੁਪਏ ਲੱਗਦੇ ਹਨ, ਜੋ ਹਿਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਹੁਣ ਤੁਹਾਡੇ ਕੋਲ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਦਾ ਇਕ ਮੌਕਾ ਹੈ। ਇਹ ਮੌਕਾ ਬ੍ਰਿਟੇਨ ਵਿਚ ਰਹਿਣ ਵਾਲੇ ਜੌਨ ਬੈਨੇਟ ਦੇ ਰਹੇ ਹਨ। 
ਬ੍ਰਿਟੇਨ ਵਿਚ ਤਕਰੀਬਨ 18 ਏਕੜ ਵਿਚ ਫੈਲਿਆ ਜੌਨ ਦਾ ਫਾਰਮ ਹਾਊਸ ਮੁਫਤ ਵਿਚ ਤੁਹਾਡਾ ਹੋ ਸਕਦਾ ਹੈ। ਹਾਲਾਂਕਿ ਇਸ ਫਾਰਮ ਹਾਊਸ ਦੀ ਕੀਮਤ ਤਕਰੀਬਨ 16 ਕਰੋੜ ਰੁਪਏ ਹੈ। ਹਰਿਆਲੀ ਨਾਲ ਘਿਰੇ ਇਸ ਫਾਰਮ ਹਾਊਸ 'ਬੌਨਸ ਫਾਰਮ ਪ੍ਰਾਪਰਟੀ' ਦੇ ਮਾਲਕ ਬਨਣ ਲਈ ਤੁਹਾਨੂੰ ਕਰੀਬ 4000 ਰੁਪਏ ਐਂਟਰੀ ਫੀਸ ਦੇ ਕੇ ਇਕ ਸਵਾਲ ਦਾ ਜਵਾਬ ਦੇਣਾ ਪਵੇਗਾ। ਇਸ ਮਗਰੋਂ ਤੁਹਾਡੀ ਕਿਸਮਤ ਚੰਗੀ ਰਹੀ ਤਾਂ ਕਰੋੜਾਂ ਦਾ ਇਹ ਸ਼ਾਨਦਾਰ ਫਾਰਮ ਹਾਊਸ ਤੁਹਾਡਾ ਹੋਵੇਗਾ। ਇਹ ਫਾਰਮ ਹਾਊਸ ਜੌਨ ਬੈਨੇਟ ਦਾ ਹੈ, ਜੋ ਬ੍ਰਿਟੇਨ ਵਿਚ ਨੌਰਥ ਯੌਰਕਸ਼ਾਇਰ ਵਿਚ ਹਨ। ਉਹ ਬੀਤੇ 25 ਸਾਲਾਂ ਤੋਂ ਇਸ ਫਾਰਮ ਹਾਊਸ ਵਿਚ ਰਹਿ ਰਹੇ ਸਨ। ਹਾਲਾਂਕਿ ਹੁਣ ਉਹ ਆਪਣੀ ਪਤਨੀ ਐਂਟੋਨਿਟੀ ਨਾਲ ਮੇਜਾਰਕਾ ਵਿਚ ਰਹਿ ਰਹੇ ਹਨ। ਇਸ ਲਈ ਉਹ ਇਸ ਘਰ ਨੂੰ ਵੇਚਣਾ ਚਾਹੁੰਦੇ ਹਨ।
ਵੇਚਣ ਲਈ ਅਪਨਾਇਆ ਅਨੋਖਾ ਤਰੀਕਾ
ਜਦੋਂ ਜੌਨ ਦੇ ਇਸ ਘਰ ਨੂੰ ਖਰੀਦਣ ਲਈ ਕੋਈ ਗ੍ਰਾਹਕ ਨਹੀਂ ਸੀ ਮਿਲ ਰਿਹਾ ਤਾਂ ਉਨ੍ਹਾਂ ਨੇ ਇਸ ਘਰ ਨੂੰ ਵੇਚਣ ਲਈ ਇਕ ਅਨੋਖਾ ਤਰੀਕਾ ਅਪਨਾਇਆ। ਉਨ੍ਹਾਂ ਨੇ 28,000 ਟਿਕਟਾਂ ਵੇਚਣ ਦਾ ਫੈਸਲਾ ਲਿਆ। ਹਰ ਟਿਕਟ ਦੀ ਕੀਮਤ ਕਰੀਬ 4000 ਰੁਪਏ ਰੱਖੀ ਗਈ ਹੈ। ਇਸ ਤਰੀਕੇ ਨਾਲ ਇਸ ਫਾਰਮ ਹਾਊਸ ਦੀ ਪੂਰੀ ਕੀਮਤ ਉਨ੍ਹਾਂ ਨੂੰ ਮਿਲ ਜਾਵੇਗੀ। ਟਿਕਟ ਖਰੀਦਣ ਵਾਲੇ ਨੂੰ ਜੌਨ ਦੇ ਇਕ ਸਧਾਰਨ ਸਵਾਲ ਦਾ ਜਵਾਬ ਦੇਣਾ ਹੋਵੇਗਾ, ਜਿਸ ਮਗਰੋਂ ਉਸ ਦੇ ਜਵਾਬ ਨੂੰ ਲੱਕੀ ਡ੍ਰਾ ਵਿਚ ਰੱਖਿਆ ਜਾਵੇਗਾ। ਸਾਰੀਆਂ ਟਿਕਟਾਂ ਵੇਚਣ ਮਗਰੋਂ ਅਗਲੇ ਸਾਲ ਮਾਰਚ ਵਿਚ ਲੱਕੀ ਡ੍ਰਾ ਦਾ ਐਲਾਨ ਹੋਵੇਗਾ। ਜਿਸ ਮਗਰੋਂ ਜੇਤੂ ਵਿਅਕਤੀ ਨੂੰ ਮੁਫਤ ਵਿਚ ਇਹ ਫਾਰਮ ਹਾਊਸ ਮਿਲ ਜਾਵੇਗਾ।
ਇਹ ਹੈ ਜੈਕਪੌਟ ਸਵਾਲ
ਉੱਤਰੀ-ਪੂਰਬੀ ਤਟਵਰਤੀ ਇਲਾਕੇ ਦਾ ਕਿਹੜਾ ਸ਼ਹਿਰ ਯੌਰਕਸ਼ਾਇਰ ਦੇ ਅਖੀਰੀ ਸਿਰੇ 'ਤੇ ਹੈ?
ਦੂਜੇ ਅਤੇ ਤੀਜੇ ਰਨਰ-ਅੱਪ ਲਈ ਵੀ ਇਨਾਮ
ਲੱਕੀ ਡ੍ਰਾ ਵਿਚ ਦੂਜੇ ਨੰਬਰ ਦੇ ਜੇਤੂ ਨੂੰ 65 ਇੰਚ ਦਾ ਅਤੇ ਤੀਜੇ ਨੰਬਰ 'ਤੇ ਰਹੇ ਜੇਤੂ ਨੂੰ 55 ਇੰਚ ਦਾ ਟੀ. ਵੀ. ਮਿਲੇਗਾ।
ਇਹ ਹੈ ਫਾਰਮ ਹਾਊਸ ਦੀ ਖਾਸੀਅਤ
ਇਸ ਫਾਰਮ ਹਾਊਸ ਵਿਚ ਤਿੰਨ ਬੈੱਡਰੂਮ, ਅੱਠ ਅਸਤਬਲ, ਇਕ ਬਿਲੀਅਰਡ ਕਮਰਾ, ਇਕ ਕਾਰਜਸ਼ਾਲਾ ਅਤੇ ਇਕ ਗੋਦਾਮ ਅਤੇ ਸ਼ਾਨਦਾਰ ਬਾਗ ਵੀ ਹੈ।