ਕੁਈਨਜ਼ਲੈਂਡ 'ਚ ਮਾਨਸਿਕ ਪਰੇਸ਼ਾਨੀ ਦੇ ਸ਼ਿਕਾਰ ਮੁੰਡੇ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ

03/04/2018 4:19:49 PM

ਕੁਈਨਜ਼ਲੈਂਡ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿਚ ਸਨਸ਼ਾਈਟ ਕੋਸਟ ਦੇ 12 ਸਾਲਾ ਮੁੰਡੇ ਦੇ ਪਰਿਵਾਰ ਨੇ ਉਸ ਦੀ ਕਹਾਣੀ ਇਹ ਸੋਚ ਕੇ ਸ਼ੇਅਰ ਕੀਤੀ ਹੈ ਕਿ ਸ਼ਾਇਦ ਇਸ ਨਾਲ ਲੋਕਾਂ ਦੀ ਸੋਚ ਵਿਚ ਬਦਲਾਅ ਆਵੇਗਾ। ਬ੍ਰਾਈਨ ਬੁਰਚੇਲ ਜੋ ਕਿ ਜਿਮਪੀ ਸਟੇਟ ਹਾਈ ਵਿਚ ਪੜ੍ਹਦਾ ਸੀ, ਬੀਤੇ ਕਈ ਮਹੀਨਿਆਂ ਤੋਂ ਉਸ ਨੂੰ ਸਰੀਰਕ ਬਣਤਰ ਕਾਰਨ ਸਕੂਲ ਵਿਚ ਤੰਗ ਕੀਤਾ ਜਾ ਰਿਹਾ ਸੀ। ਪਰਿਵਾਰ ਮੁਤਾਬਕ ਬ੍ਰਾਈਨ Hirschsprung's ਬੀਮਾਰੀ ਨਾਲ ਪੀੜਤ ਹੈ। ਇਹ ਬੀਮਾਰੀ ਤੇਜ਼ੀ ਨਾਲ ਉਸ ਦੇ ਸਰੀਰ ਵਿਚ ਵੱਧ ਰਹੀ ਸੀ ਅਤੇ ਉਹ ਕੋਈ ਵੀ ਖੇਡ ਖੇਡਣ ਦੇ ਯੋਗ ਨਹੀਂ ਸੀ। ਇਸ ਤਰ੍ਹਾਂ ਹੌਲੀ-ਹੌਲੀ ਉਸ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਵੀ ਸ਼ੁਰੂ ਹੋ ਗਈਆਂ। ਬੱਚੇ ਉਸ ਨੂੰ ਜ਼ਿਆਦਾਤਰ ਉਸ ਦੇ ਲਾਲ ਵਾਲਾਂ, ਚਿਹਰੇ ਅਤੇ ਜ਼ਿਆਦਾ ਵਜ਼ਨ ਕਾਰਨ ਤੰਗ ਕਰਦੇ ਸਨ।


ਬੱਚਿਆਂ ਦੀ ਬਦਮਾਸ਼ੀ ਇੰਨੀ ਵੱਧ ਗਈ ਕਿ ਬ੍ਰਾਈਨ ਦੇ ਮਾਤਾ-ਪਿਤਾ ਨੇ ਉਸ ਦੇ ਵਾਲਾਂ ਦਾ ਰੰਗ ਬਦਲਣ ਦੀ ਕੋਸ਼ਿਸ਼ ਕੀਤੀ। ਉੱਧਰ ਬ੍ਰਾਈਨ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗਾ। ਮੰਗਲਵਾਰ ਦੀ ਰਾਤ ਨੂੰ ਬ੍ਰਾਈਨ ਦੀ ਮਾਂ ਨੇ ਉਸ ਦੇ ਬੈੱਡਰੂਮ ਵਿਚੋਂ ਅਜੀਬ ਆਵਾਜ ਸੁਣੀ। ਉਹ ਜਲਦੀ ਨਾਲ ਉਸ ਦੇ ਕਮਰੇ ਵੱਲ ਗਈ। ਕਮਰੇ ਵਿਚ ਪਹੁੰਚਣ 'ਤੇ ਪਤਾ ਲਗਾ ਕਿ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਬ੍ਰਾਈਨ ਨੂੰ ਮੰਗਲਵਾਰ ਨੂੰ ਆਤਮਘਾਤੀ ਸੱਟਾਂ ਨਾਲ ਜਿਮਪੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਉਸ ਨੂੰ ਰਾਤ ਨੂੰ ਹੀ ਛੁੱਟੀ ਦੇ ਦਿੱਤੀ ਗਈ। ਇਸ ਦੇ ਦੋ ਦਿਨ ਬਾਅਦ ਹੀ ਬ੍ਰਾਈਨ ਨੇ ਦੁਬਾਰਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਬ੍ਰਾਈਨ ਦਾ ਹੁਣ ਲੇਡੀ ਸੀਲੈਂਟੋ ਚਿਲਡਰਨਜ਼ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 


ਬ੍ਰਾਈਨ ਦਾ ਪਰਿਵਾਰ ਇਹ ਜਾਨਣਾ ਚਾਹੁੰਦਾ ਹੈ ਕਿ ਉਸ ਨੂੰ ਖਤਰਾ ਹੋਣ ਦੇ ਬਾਵਜੂਦ ਵੀ ਹਸਪਤਾਲ ਤੋਂ ਛੁੱਟੀ ਕਿਉਂ ਦਿੱਤੀ ਗਈ। ਬ੍ਰਾਈਨ ਦੇ ਭਰਾ ਬੈਨਟਨ ਨੇ ਦੱਸਿਆ,''ਬ੍ਰਾਈਨ ਨੂੰ ਕਈ ਸਾਲਾਂ ਤੋਂ ਤੰਗ ਕੀਤਾ ਜਾ ਰਿਹਾ ਸੀ। ਅਸੀਂ ਬਾਰ-ਬਾਰ ਉਸ ਦੇ ਸਕੂਲ ਬਦਲੇ ਅਤੇ ਸੋਚਿਆ ਕਿ ਅਜਿਹਾ ਹਾਈ ਸਕੂਲ ਵਿਚ ਬੰਦ ਹੋ ਜਾਵੇਗਾ। ਪਰ ਇਕ ਬਦਮਾਸ਼ ਜੋ ਉਸ ਨੂੰ ਕਈ ਸਾਲ ਪਹਿਲਾਂ ਤੰਗ ਕਰਦਾ ਸੀ, ਉਸ ਨੇ ਬ੍ਰਾਈਨ ਨੂੰ ਪਛਾਣ ਲਿਆ ਅਤੇ ਦੁਬਾਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ।'' ਬੈਂਟਨ ਨੇ ਫੇਸਬੁੱਕ 'ਤੇ ਬੱਚਿਆਂ ਦੀ ਬਿਹਤਰ ਸੁਰੱਖਿਆ ਲਈ ਸਿਹਤ ਅਤੇ ਸਕੂਲੀ ਸਿੱਖਿਆ ਪ੍ਰਣਾਲੀ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਖਬਰ ਲਿਖੇ ਜਾਣ ਤੱਕ ਉਸ ਦੇ ਇਸ ਵਿਚਾਰ ਨੂੰ 68,000 ਤੋਂ ਜ਼ਿਆਦਾ ਵਾਰੀ ਸ਼ੇਅਰ ਕੀਤਾ ਜਾ ਚੁੱਕਾ ਹੈ।