ਨਕਲੀ ਕਰੰਸੀ ਨਾਲ ਲੁੱਟਣ ਗਈ ਸੀ ਭਾਰਤੀ ਵਪਾਰੀਆਂ ਨੂੰ, ਹੋਇਆ ਅਜਿਹਾ ਹਾਲ

07/17/2018 1:53:02 PM

ਰੋਮ,(ਕੈਂਥ)— ਤੁਸੀਂ ਫਿਲਮਾਂ ਵਿੱਚ ਅਜਿਹੀਆਂ ਘਟਨਾਵਾਂ ਤਾਂ ਜ਼ਰੂਰ ਦੇਖੀਆਂ ਹੋਣੀਆਂ ਹਨ ਜਿਨ੍ਹਾਂ ਵਿੱਚ ਜਦੋਂ ਕੋਈ ਚਾਲਬਾਜ਼ ਕਿਸੇ ਵਿਅਕਤੀ ਨੂੰ ਲੁੱਟਣ ਲਈ ਜਾਲ ਫਸਾਉਂਦਾ ਹੈ ਅਤੇ ਆਪ ਹੀ ਲੁੱਟਿਆ ਜਾਂਦਾ ਹੈ। ਇਹ ਘਟਨਾ ਇਟਲੀ ਦੇ ਮਿਲਾਨ ਸ਼ਹਿਰ ਵਿੱਚ ਸੱਚ ਹੋ ਨਿਬੜੀ ਹੈ,ਜਿੱਥੇ ਇੱਕ 21 ਸਾਲਾ ਫਰੈਂਚ ਔਰਤ ਨੂੰ ਹਥਿਆਰਬੰਦ ਵਿਅਕਤੀਆਂ ਨੇ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਕਿਸੇ ਹੋਰ ਨੂੰ ਤਕਰੀਬਨ 2 ਮਿਲੀਅਨ ਨਕਲੀ ਯੂਰੋ ਨਾਲ ਠੱਗਣ ਵਾਲੀ ਸੀ।
ਮਿਲੀ ਜਾਣਕਾਰੀ ਅਨੁਸਾਰ ਮਿਲਾਨ ਦੇ ਹਿਲਟਨ ਹੋਟਲ ਦੀ ਲੌਬੀ ਤੋਂ 4 ਹਥਿਆਰਬੰਦ ਵਿਅਕਤੀਆਂ ਨੇ ਇੱਕ ਫਰੈਂਚ ਔਰਤ ਨੂੰ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਸ ਕੋਲ ਲਗਭਗ 2 ਮਿਲੀਅਨ ਨਕਲੀ ਯੂਰੋ ਨਾਲ ਭਰਿਆ ਸੂਟਕੇਸ ਸੀ ਤੇ ਉਹ ਇਸ ਨਕਲੀ ਕਰੰਸੀ ਨਾਲ 4 ਭਾਰਤੀ ਵਪਾਰੀਆਂ ਨੂੰ ਠੱਗਣ ਲਈ ਜਾਲ ਵਿਛਾਈ ਬੈਠੀ ਸੀ । ਸ਼ਾਇਦ ਉਸ ਨੂੰ ਇਹ ਰਤਾ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਵੀ ਕੋਈ ਲੁੱਟ ਸਕਦਾ ਹੈ। ਹੋਟਲ ਵਿੱਚ ਮਹਿਮਾਨ-ਨਿਵਾਜ਼ੀ ਲਈ ਆਏ ਲੋਕਾਂ ਨੇ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ 4 ਹਥਿਆਰਬੰਦ ਵਿਅਕਤੀ ਧੱਕੇ ਨਾਲ ਫਰੈਂਚ ਔਰਤ ਨੂੰ ਗੱਡੀ ਵਿੱਚ ਬਿਠਾ ਕੇ ਲੈ ਗਏ।ਪੁਲਸ ਨੇ ਪਹਿਲਾਂ ਤਾਂ ਇਸ ਘਟਨਾ ਨੂੰ ਪੈਸੇ ਲਈ ਅਗਵਾ ਕਰਨ ਦੀ ਘਟਨਾ ਸਮਝਦੇ ਹੋਏ ਸਧਾਰਣ ਹੀ ਸਮਝਿਆ ਪਰ ਇਸ ਘਟਨਾ ਦੀ ਅਸਲੀਅਤ ਬਾਅਦ ਵਿੱਚ ਸਾਹਮਣੇ ਆਈ। ਅਗਵਾਕਾਰ ਤੇਜ਼ ਗੱਡੀ ਭਜਾਉਣ ਲੱਗੇ ਪਰ ਉਹ ਮਿਲਾਨ ਸ਼ਹਿਰ ਦੀਆਂ ਘੁੰਮਣਘੇਰੀਆਂ ਵਿੱਚੋਂ ਨਿਕਲਣ 'ਚ ਕਾਮਯਾਬ ਨਹੀਂ ਹੋ ਸਕੇ ਤੇ ਪੁਲਸ ਦੇ ਹੱਥ ਲੱਗ ਗਏ। ਜਦੋਂ ਪੁਲਸ ਨੇ ਕੁੜੀ ਕੋਲੋਂ ਸੂਟਕੇਸ ਫੜਿਆ ਤਾਂ ਉਸ ਵਿੱਚ ਉੱਪਰਲੀਆਂ ਪਰਤਾਂ ਦੇ 65000 ਯੂਰੋ ਹੀ ਅਸਲੀ ਸਨ ਬਾਕੀ ਸਭ ਨਕਲੀ ਯੂਰੋ ਸਨ ।ਅਗਵਾਕਾਰਾਂ ਦੇ ਕਿਸੇ ਸਾਥੀ ਨੇ ਹੀ ਯੂਰੋ ਨਾਲ ਭਰੇ ਸੂਟਕੇਸ ਦੀ ਜਾਣਕਾਰੀ ਉਨ੍ਹਾਂ ਨੂੰ ਦੇ ਦਿੱਤੀ ਤੇ ਅਗਵਾਕਾਰਾਂ ਨੇ ਸਮਾਂ ਨਾ ਗਵਾਉਂਦਿਆਂ ਘਟਨਾ ਨੂੰ ਅੰਜਾਮ ਦੇ ਦਿੱਤਾ ,ਬੇਸ਼ੱਕ ਬਾਅਦ ਵਿੱਚ ਯੂਰੋ ਨਕਲੀ ਨਿਕਲੇ।