ਫਰਜ਼ੀ ਡਿਗਰੀ ਕਾਂਡ: ਪਾਕਿਸਤਾਨੀ ਸੁਪਰੀਮ ਕੋਰਟ ਨੇ ਦੱਸਿਆ ''ਰਾਸ਼ਟਰੀ ਨਮੋਸ਼ੀ'' ਦਾ ਮਾਮਲਾ

01/20/2018 2:21:04 AM

ਇਸਲਾਮਾਬਾਦ(ਭਾਸ਼ਾ)— ਪਾਕਿਸਤਾਨੀ ਸੁਪਰੀਮ ਕੋਰਟ ਨੇ ਅੱਜ ਇਕ  ਪਾਕਿਸਤਾਨੀ ਕੰਪਨੀ ਨਾਲ ਜੁੜੇ ਫਰਜ਼ੀ ਡਿਗਰੀ ਮਾਮਲੇ ਨੂੰ 'ਰਾਸ਼ਟਰੀ ਨਮੋਸ਼ੀ' ਦੱਸਿਆ ਅਤੇ ਇਕ ਕਥਿਤ 'ਡਿਪਲੋਮਾ ਮਿੱਲ' ਮਾਮਲੇ 'ਚ ਦੇਸ਼ ਦੀ ਚੋਟੀ ਦੀ ਜਾਂਚ ਏਜੰਸੀ ਨੂੰ ਜਾਂਚ ਦੇ ਹੁਕਮ ਦਿੱਤੇ। ਇਸ ਕਾਂਡ ਵਿਚ ਬ੍ਰਿਟੇਨ ਦੇ ਨਾਗਰਿਕਾਂ ਨੂੰ ਕਥਿਤ ਤੌਰ 'ਤੇ ਹਜ਼ਾਰਾਂ ਫਰਜ਼ੀ ਡਿਗਰੀਆਂ ਵੰਡੀਆਂ ਗਈਆਂ ਸਨ।
ਚੀਫ ਜਸਟਿਸ ਮੀਆਂ ਸਾਕਿਬ ਨਿਸਾਰ ਨੇ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਨੂੰ 'ਐਕਜੈਕਟ ਕੰਪਨੀ' ਨਾਲ ਜੁੜੇ ਕਾਂਡ ਬਾਰੇ 10 ਦਿਨਾਂ 'ਚ ਅਦਾਲਤ ਵਿਚ ਵਿਸਥਾਰਤ ਰਿਪੋਰਟ ਸੌਂਪਣ ਦਾ ਹੁਕਮ ਦਿੱਤਾ। ਜੱਜ ਨੇ ਕਿਹਾ, ''ਜੇਕਰ ਦੋਸ਼ ਸਹੀ ਹਨ ਤਾਂ ਇਹ ਸਾਡੇ ਲਈ 'ਰਾਸ਼ਟਰੀ ਨਮੋਸ਼ੀ' ਦਾ ਵਿਸ਼ਾ ਹੈ।'' ਯਾਦ ਰਹੇ ਕਿ ਮੰਗਲਵਾਰ ਨੂੰ ਬੀ. ਬੀ. ਸੀ. ਵਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਇਸ ਕੰਪਨੀ ਨੇ ਬ੍ਰਿਟੇਨ 'ਚ 2013 ਤੋਂ 2014 ਦਰਿਮਆਨ ਪੀ. ਐੱਚ. ਡੀ. ਅਤੇ ਡਾਕਟਰੇਟ ਸਮੇਤ 3000 ਤੋਂ ਵੱਧ ਡਿਗਰੀਆਂ ਵੰਡੀਆਂ। ਇਹ ਘਪਲਾ 2015 'ਚ ਸਭ ਤੋਂ ਪਹਿਲਾਂ ਉਦੋਂ ਸਾਹਮਣੇ ਆਇਆ ਸੀ, ਜਦੋਂ 'ਨਿਊਯਾਰਕ ਟਾਈਮਜ਼' ਨੇ ਵੀ ਇਸ ਸਬੰਧੀ ਖਬਰ ਛਾਪੀ ਸੀ।