ਫੇਸਬੁੱਕ ਨੇ ਪਿਆਜ਼ ਨੂੰ ''ਸੈਕਸੀ'' ਸਮਝ ਕੀਤਾ ਡਿਲੀਟ, ਫਿਰ ਮੰਗੀ ਮੁਆਫੀ

10/10/2020 12:33:03 AM

ਟੋਰਾਂਟੋ - ਹਾਲ ਹੀ ਵਿਚ ਕੈਨੇਡਾ ਦੇ ਇਕ 'ਬੀਜ ਅਤੇ ਬਾਗਬਾਨੀ ਦਾ ਸਮਾਨ ਵੇਚਣ ਵਾਲੇ' ਸਟੋਰ ਨੇ ਪਾਇਆ ਕਿ ਫੇਸਬੁੱਕ ਪਿਆਜ਼-ਪਿਆਜ਼ ਵਿਚ ਫਰਕ ਕਰਦੀ ਹੈ। ਮਤਲਬ ਇਕ ਪਾਸੇ ਤਾਂ ਉਹ ਪਿਆਜ਼ ਹਨ ਜੋ ਆਮ ਹਨ ਅਤੇ ਦੂਜੇ ਪਾਸੇ ਜਿਸ ਨੂੰ ਫੇਸਬੁੱਕ 'ਸੈਕਸੀ' ਮੰਨਦੀ ਹੈ। ਦਰਅਸਲ, ਕੈਨੇਡਾ ਦੇ ਪੂਰਬ ਵਿਚ ਸਥਿਤ ਸੂਬੇ ਨਿਊਫਾਓਂਡਲੈਂਡ ਦੇ ਸੈਂਟ ਜੋਨਸ ਸ਼ਹਿਰ ਵਿਚ ਸਥਿਤ 'ਈਡਬਲਯੂ ਗੇਜ਼' ਨਾਂ ਦੀ ਕੰਪਨੀ ਫੇਸਬੁੱਕ 'ਤੇ 'ਪਿਆਜ਼ ਦੇ ਬੀਜ ਦੀ ਇਕ ਕਿਸਮ' ਦਾ ਇਸ਼ਤਿਹਾਰ ਪ੍ਰਕਾਸ਼ਿਤ ਕਰਨਾ ਚਾਹੁੰਦੀ ਸੀ। ਪਰ ਉਨ੍ਹਾਂ ਨੂੰ ਉਦੋਂ ਹੈਰਾਨੀ ਦਾ ਸਾਹਮਣਾ ਕਰਨਾ ਪਿਆ ਜਦ ਫੇਸਬੁੱਕ ਨੇ ਪਿਆਜ਼ ਦੇ ਇਸ਼ਤਿਹਾਰ ਨੂੰ ਇਹ ਆਖਦੇ ਹੋਏ ਖਾਰਿਜ਼ ਕਰ ਦਿੱਤਾ ਕਿ ਉਹ 'ਸਪੱਸ਼ਟ ਰੂਪ ਤੋਂ ਸੈਕਸੀ' (ਫੇਸਬੁੱਕ 'ਤੇ ਨਗਨ ਦੀ ਇਕ ਸ਼੍ਰੇਣੀ) ਹੈ। ਇਸ ਦੇ ਲਈ ਫੇਸਬੁੱਕ ਨੇ ਇਕ ਬਿਆਨ ਜਾਰੀ ਕਰ ਮੁਆਫੀ ਮੰਗੀ ਹੈ ਅਤੇ ਦੱਸਿਆ ਹੈ ਕਿ ਅਜਿਹਾ ਵੈੱਬਸਾਈਟ ਵੱਲੋਂ ਇਸਤੇਮਾਲ ਕੀਤੀ ਜਾਣ ਵਾਲੀ 'ਸਵੈ-ਸੰਚਾਲਿਤ ਤਕਨੀਕ' ਕਾਰਨ ਹੋਇਆ।

ਜਿਸ ਇਸ਼ਤਿਹਾਰ ਨੂੰ ਫੇਸਬੁੱਕ ਨੇ ਪੋਸਟ ਕਰਨ ਤੋਂ ਇਨਕਾਰ ਕੀਤਾ, ਉਸ 'ਤੇ 'ਵਾਲਾ-ਵਾਲਾ' ਕਿਸਮ ਦੇ ਪਿਆਜ਼ ਦੀ ਤਸਵੀਰ ਸੀ। ਪਿਆਜ਼ ਦੀ ਇਹ ਕਿਸਮ ਆਪਣੇ ਆਕਾਰ ਅਤੇ ਮੀਠੇ ਸੁਆਦ ਲਈ ਜਾਣੀ ਜਾਂਦੀ ਹੈ। ਈਡਬਲਯੂ ਗੇਜ਼ ਸਟੋਰ ਦੇ ਮੈਨੇਜਰ ਜੈਕਸਨ ਮੈਕਲਿਨ ਨੇ ਆਖਿਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਸਮਝ ਹੀ ਨਹੀਂ ਆਇਆ ਕਿ ਫੇਸਬੁੱਕ ਉਨ੍ਹਾਂ ਦੇ ਇਸ਼ਤਿਹਾਰ ਨੂੰ ਪਬਲਿਸ਼ ਕਰਨ ਤੋਂ ਇਨਕਾਰ ਕਿਉਂ ਕਰ ਰਿਹਾ ਹੈ। ਅਸਲ ਕਾਰਣ ਸਮਝਣ ਵਿਚ ਉਨ੍ਹਾਂ ਨੂੰ ਕੁਝ ਸਮਾਂ ਲੱਗਾ। ਜੈਕਸਨ ਨੂੰ ਕੁਝ ਦੇਰ ਬਾਅਦ ਅਹਿਸਾਸ ਹੋਇਆ ਕਿ ਫੇਸਬੁੱਕ ਸ਼ਾਇਦ ਪਿਆਜ਼ ਨੂੰ ਗਲਤੀ ਨਾਲ ਬ੍ਰੈਸਟ ਸਮਝ ਲਿਆ ਸੀ। ਜੈਕਸਨ ਮੰਨਦੇ ਸਨ ਕਿ ਉਨ੍ਹਾਂ ਦੇ ਗਾਹਕ ਫੇਸਬੁੱਕ ਦੀ ਇਸ ਗਲਤੀ 'ਤੇ ਹੱਸਣਗੇ। ਇਸ ਲਈ ਉਨ੍ਹਾਂ ਨੇ ਖਾਰਿਜ਼ ਹੋਏ ਇਸ਼ਤਿਹਾਰ ਅਤੇ ਫੇਸਬੁੱਕ ਵੱਲੋਂ ਦਿਖਾਏ ਜਾ ਰਹੇ ਮੈਸੇਜ ਦੀ ਇਕ ਵੀਡੀਓ ਬਣਾਈ ਅਤੇ ਉਸ ਨੂੰ ਪੋਸਟ ਕਰ ਦਿੱਤਾ।

ਮੈਕਸੀਨ ਨੇ ਆਖਿਆ ਕਿ ਉਨ੍ਹਾਂ ਦੇ ਗਾਹਕਾਂ ਨੇ ਇਸ ਦੇ ਜਵਾਬ ਵਿਚ ਕਈ ਸਬਜ਼ੀਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਜਿਨ੍ਹਾਂ ਨੂੰ ਫੇਸਬੁੱਕ ਗਲਤ ਮੰਨ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਫੇਸਬੁੱਕ ਸਪੋਰਟ ਦੇ ਜ਼ਰੀਏ ਆਪਣੇ ਇਸ਼ਤਿਹਾਰ ਦੇ ਸਮਰਥਨ ਵਿਚ ਅਪੀਲ ਕੀਤੀ। ਉਥੇ ਹੀ ਫੇਸਬੁੱਕ ਕੈਨੇਡਾ ਦੇ ਬੁਲਾਰੇ ਮੇਗ ਸਿਨਕਲੇਅਰ ਨੇ ਆਖਿਆ ਕਿ ਅਸੀਂ ਆਟੋਮੇਟਿਡ ਤਕਨਾਲੋਜੀ ਦਾ ਇਸਤੇਮਾਲ ਕਰਦੇ ਹਾਂ ਤਾਂ ਜੋ ਨਗਨਤਾ ਨੂੰ ਆਪਣੀ ਵੈੱਬਸਾਈਟ ਤੋਂ ਦੂਰ ਰੱਖਿਆ ਜਾ ਸਕੇ। ਅਸੀਂ ਅਤੇ ਤੁਸੀਂ ਪਿਆਜ਼ ਨੂੰ ਦੇਖ ਕੇ ਪਛਾਣ ਸਕਦੇ ਹਾਂ, ਅਸੀਂ ਪਿਆਜ਼ ਦੀਆਂ ਕਿਸਮਾਂ ਦੇ ਬਾਰੇ ਜਾਣ ਸਕਦੇ ਹਾਂ ਪਰ ਤਕਨਾਲੋਜੀ ਤੋਂ ਕਦੇ-ਕਦੇ ਗਲਤੀ ਹੋ ਜਾਂਦੀ ਹੈ। ਇਸ ਦੇ ਲਈ ਅਸੀਂ ਮੁਆਫੀ ਮੰਗੀ ਹੈ ਅਤੇ ਪਿਆਜ਼ ਦੇ ਉਸ ਇਸ਼ਤਿਹਾਰ ਨੂੰ ਬਹਾਲ ਕੀਤਾ ਗਿਆ ਹੈ। ਸਟੋਰ ਦੇ ਮੈਨੇਜਰ ਮੈਕਲਿਨ ਆਖਦੇ ਹਨ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਵਿੱਕਰੀ ਦਾ ਇਕ ਵੱਡਾ ਹਿੱਸਾ ਆਨਲਾਈਨ ਹੋ ਗਿਆ ਹੈ। ਵਾਲਾ-ਵਾਲਾ ਪਿਆਜ਼ ਦੀ ਇਕ ਪੁਰਾਣੀ ਕਿਸਮ ਹੈ ਜਿਸ ਦੀ ਅਚਾਨਕ ਮੰਗ ਵਧੀ ਹੈ। ਲੋਕ ਇਸ ਦੀ ਮੰਗ ਕਰ ਰਹੇ ਹਨ। ਪਿਛਲੇ 5 ਸਾਲ ਵਿਚ ਇਸ ਪਿਆਜ਼ ਦੀ ਜਿੰਨੀ ਵਿੱਕਰੀ ਹੋਈ, ਉਨੀਂ ਪਿਛਲੇ 3 ਦਿਨਾਂ ਵਿਚ ਹੋ ਗਈ ਹੈ ਜਿਸ ਨੂੰ ਹੁਣ ਕੰਪਨੀ ਦੀ ਵੈੱਬਸਾਈਟ 'ਤੇ ਸੈਕਸੀ ਪਿਆਜ਼ ਦੇ ਤੌਰ 'ਤੇ ਵੀ ਚਿੰਨ੍ਹਤ ਕੀਤਾ ਗਿਆ ਹੈ। 
 

Khushdeep Jassi

This news is Content Editor Khushdeep Jassi